‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਧਰਨੇ ਦੌਰਾਨ ਗੁੰਡਾਗਰਦੀ ਹੁੰਦੀ ਨਜ਼ਰ ਆਈ। SGPC ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕੀਤਾ ਗਿਆ। SGPC ਵੱਲੋਂ ਮੀਡੀਆ ਨੂੰ ਵੀ ਸਤਿਕਾਰ ਕਮੇਟੀਆਂ ਦੇ ਧਰਨੇ ਨੂੰ ਕਵਰ ਕਰਨ ਤੋਂ ਰੋਕਿਆ ਗਿਆ ਜਿਸ ਦੌਰਾਨ ਇੱਕ ਪੱਤਰਕਾਰ ‘ਤੇ ਵੀ ਹਮਲਾ ਕੀਤਾ ਗਿਆ ਤੇ ਕੈਮਰਾ ਤੋੜਿਆ ਗਿਆ।

ਸਿੱਖ ਜਥੇਬੰਦੀਆਂ ਨੂੰ ਜ਼ਬਰੀ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸਤਿਕਾਰ ਕਮੇਟੀਆਂ ਵੱਲੋਂ ਧਰਨਾ ਹਾਲੇ ਵੀ ਜਾਰੀ ਹੈ ਅਤੇ ਰਾਤ ਭਰ ਇਹ ਧਰਨਾ ਲਗਾਤਾਰ ਚੱਲਦਾ ਰਿਹਾ ਪਰ SGPC ਵੱਲੋਂ ਧਰਨੇ ਵਾਲੀ ਜਗ੍ਹਾ ਨੂੰ ਚਾਰਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਉਸ ਪਾਸੇ ਕੋਈ ਵੀ ਨਾ ਜਾ ਸਕੇ। ਜਿਸ ਰਸਤੇ ਨੂੰ ਬੰਦ ਕੀਤਾ ਗਿਆ ਸੀ, ਉੱਥੇ ਨਿਹੰਗ ਸਿੰਘਾਂ ਅਤੇ ਜਥੇਬੰਦੀਆਂ ਨਾਲ ਸਬੰਧਿਤ ਕੁੱਝ ਲੋਕ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਜਾਪ ਕਰਕੇ ਧਰਨਾ ਦੇ ਰਹੇ ਸੀ।

ਝੜ੍ਹਪ ‘ਚ ਜ਼ਖਮੀ ਹੋਇਆ ਵਿਅਕਤੀ

ਉਨ੍ਹਾਂ ਦੇ ਹੱਥਾਂ ਦੇ ਵਿੱਚ ਜੋ ਪੋਸਟਰ ਸੀ, ਉਹ ਜਦੋਂ ਉਨ੍ਹਾਂ ਨੇ SGPC ਦੇ ਦਫਤਰ ਦੀਆਂ ਦੀਵਾਰਾਂ ‘ਤੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ SGPC  ਦੇ ਅਧਿਕਾਰੀਆਂ ਨੇ ਪੋਸਟਰਾਂ ਨੂੰ ਉਤਾਰ ਦਿੱਤਾ।  ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। SGPC ਮੁਲਾਜ਼ਮਾਂ ਵੱਲੋਂ ਇੱਕ ਨਿਹੰਗ ਸਿੰਘ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ।  SGPC ਮੁਲਾਜ਼ਮਾਂ ਵੱਲੋਂ ਮੀਡੀਆ ਦੇ ਨਾਲ ਮੰਦੀ ਸ਼ਬਦਾਵਲੀ ਵਰਤੀ ਗਈ। ਹਾਲਾਂਕਿ, ਪੁਲਿਸ ਵੀ ਉੱਥੇ ਤੈਨਾਤ ਸੀ ਪਰ ਉਹ ਮੂਕ ਦਰਸ਼ਕ ਬਣ ਕੇ ਸਭ ਕੁੱਝ ਵੇਖਦੀ ਰਹੀ।

ਬੁਰੀ ਤਰ੍ਹਾਂ ਜ਼ਖਮੀ ਹੋਇਆ ਨਿਹੰਗ ਸਿੰਘ

ਅੰਮ੍ਰਿਤਸਰ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੇ ਬਾਹਰ ਕੱਲ੍ਹ ਤੋਂ ਹੀ ਸਤਿਕਾਰ ਕਮੇਟੀਆਂ ਦੇ ਲੋਕਾਂ ਵੱਲੋਂ 328 ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਕਈ ਦੂਜੀਆਂ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਹਨ। ਸਿੱਖ ਜਥੇਬੰਦੀਆਂ ਨੇ ਇਨਸਾਫ ਮਿਲਣ ਤੱਕ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਹ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।

Leave a Reply

Your email address will not be published. Required fields are marked *