Punjab

LIVE- ਪੰਜਾਬ ਵਿਧਾਨ ਸਭਾ ‘ਚ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਮਰਪਿਤ ਬਜਟ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਦਾ ਅੱਜ ਸਾਲ 2020-21 ਲਈ ਬਜਟ ਪੇਸ਼ ਕੀਤਾ ਗਿਆ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿਚ ਕੈਪਟਨ ਸਰਕਾਰ ਦਾ ਆਖਰੀ ਬਜਟ ਪੇਸ਼ ਕਰਦਿਆਂ ਸਰਕਾਰ ਦੀਆਂ ਹੁਣ ਤੱਕ ਪ੍ਰਾਪਤੀਆਂ ਨੂੰ ਗਿਣਾਇਆ ਤੇ ਇਸ ਬਜਟ ਨੂੰ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ 2017 ਵਿਚ ਪੰਜਾਬ ਦੀ ਮਾਲੀ ਹਾਲਤ ਬਹੁਤ ਖਰਾਬ ਸੀ। ਪਿਛਲੀ ਸਰਕਾਰ ਨੇ ਪੰਜਾਬ ਨੂੰ ਬਹੁਤ ਆਰਥਿਕ ਨੁਕਸਾਨ ਪਹੁੰਚਾਇਆ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ‘ਤੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਹੈ। 7 ਹਜ਼ਾਰ 791 ਕਰੋੜ ਰੁਪਏ ਦੀ ਦੇਣਦਾਰੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ। ਪਰ ਕੈਪਟਨ ਸਰਕਾਰ ਦੀਆਂ ਨੀਤਿਆਂ ਕਾਰਣ ਪੰਜਾਬ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੰਗਾ ਸੰਕੇਤ ਹੈ ਕਿ ਪਿਛਲੇ 4 ਸਾਲਾਂ ਸਮੇਤ ਪੰਜਾਬ ਸਰਕਾਰ ਇੱਕ ਵੀ ਦਿਨ ਓਵਰ ਡ੍ਰਾਫਟ ਨਹੀਂ ਗਈ ਹੈ। ਕੈਪਟਨ ਸਰਕਾਰ ਨੂੰ ਆਉਣ ਵਾਲੀਆਂ ਨਸਲਾਂ ਦੀ ਵੀ ਫਿਕਰ ਹੈ।


ਬਜਟ ਦੇ ਐਲਾਨ ਦੌਰਾਨ ਖਜ਼ਾਨਾ ਮੰਤਰੀ ਨੇ ਕਿਹਾ ਪੰਜਾਬ ਦਾ 1 ਹਜ਼ਾਰ 168 ਕਰੋੜ ਰਿਜ਼ਰਵ ਬੈਂਕ ਕੋਲ ਜਮ੍ਹਾਂ ਹੈ। ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟਾਂਪ ਡਿਊਟੀ ਵਿੱਚ ਵਾਧਾ ਹੋਇਆ ਹੈ। ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸ਼ਗਨ ਸਕੀਮ ਦੀ ਰਾਸ਼ੀ 21000 ਤੋਂ ਵਧਾ ਕੇ 51000 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ 750 ਰੁਪਏ ਤੋਂ ਵਧਾ ਕੇ 1500 ਰੁਪਏ ਬੁਢਾਪਾ ਪੈਨਸ਼ਨ ਕੀਤੀ ਗਈ ਹੈ।

ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਹੈ। 1.13 ਲੱਖ ਕਿਸਾਨਾਂ ਲਈ 1186 ਕਰੋੜ ਰੁਪਏ ਰੱਖੇ ਗਏ ਹਨ ਤੇ 1712 ਕਰੋੜ ਰੁਪਏ ਕਰਜ਼ ਮਾਫੀ ਲਈ ਰੱਖੇ ਗਏ ਹਨ।


ਉਨ੍ਹਾਂ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਰੁਪਏ ਤੋਂ ਵਧਾ ਕੇ 9400 ਰੁਪਏ ਕੀਤੀ ਗਈ।
ਲੇਖਕਾਂ ਲਈ ਐਲਾਨ ਕਰਦਿਆਂ ਕਿਹਾ ਕਿ ਸ਼ਿਰੋਮਣੀ ਪੁਰਸਕਾਰਾਂ ਦੀ ਪ੍ਰਾਈਜ਼ ਮਨੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ। ਹਿੰਦੀ ਪੰਜਾਬੀ ਉਰਦੂ ਦੀਆਂ ਕਿਤਾਬਾਂ ਛਪਵਾਉਣ ਲਈ 100 ਸਫਿਆਂ ਦੀ ਕਿਤਾਬ ਲਈ ਸਹਿਯੋਗ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕੀਤੀ ਗਈ।

ਸ਼੍ਰੋਮਣੀ ਐਵਾਰਡ ਦੀ ਰਾਸ਼ੀ ਵੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਪੰਜਾਬੀ, ਹਿੰਦੀ, ਉਰਦੂ ਦੇ ਬਜ਼ੁਰਗ ਲੇਖਕਾਂ ਦੇ ਪਰਿਵਾਰਾਂ ਨੂੰ ਹੁਣ 5 ਹਜ਼ਾਰ ਤੋਂ 15 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ।

ਮਹਿਲਾ ਦਿਵਸ ਤੇ ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਕਿਰਾਇਆ ਮਾਫ ਰਹੇਗਾ। 1 ਹਜ਼ਾਰ 60 ਕਰੋੜ ਹੈਲਥ ਮਿਸ਼ਨ ਲਈ ਰੱਖੇ ਗਏ ਹਨ। ਸਰਕਾਰੀ ਕਾਲਜਾਂ ਦੇ ਵਿਦਿਆਰਥੀ ਵੀ ਬੱਸਾਂ ਵਿੱਚ ਮੁਫਤ ਸਫਰ ਕਰ ਸਕਣਗੇ।

ਦੋ ਮੈਡੀਕਲ ਕਾਲਜ ਕਪੂਰਥਲਾ, ਹੁਸ਼ਿਆਰਪੁਰ ਵਿਖੇ ਖੋਲ੍ਹਣ ਦੀ ਮਨਜ਼ੂਰੀ ਮਿਲੀ ਹੈ ਇਸ ਲਈ 80 ਕਰੋੜ ਰੁਪਏ ਰੱਖੇ ਗਏ ਹਨ। ਗੁਰਦਾਸਪੁਰ ‘ਚ ਵੀ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਹੈ।


ਕਪੂਰਥਲਾ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਯਾਦ ‘ਚ 22 ਤੋਂ 25 ਏਕੜ ਦੀ ਜਗ੍ਹਾ ‘ਚ 100 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਮਿਊਜ਼ੀਅਮ ਬਣੇਗਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 90 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ ਵੀ ਕੀਤਾ ਗਿਆ। ਕੈਪੀਟਲ ਐਕਸਪੈਂਡੀਚਰ ਲਈ 14,134 ਕਰੋੜ ਰੁਪਏ ਰਾਖਵਾਂ ਰੱਖਿਆ ਹੈ।


ਉਨ੍ਹਾਂ ਕਿਹਾ ਕਿ 300 ਕਰੋੜ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਰੱਖਿਆ ਗਿਆ ਹੈ। ਪੰਜਾਬ ਦੇ ਦੁੱਧ ਉਤਪਾਦਨ ਵਿੱਚ 7 ਫੀਸਦ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮੈਡੀਕਲ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖੇ ਗਏ ਹੈ। 150 ਕਰੋੜ ਰੁਪਏ ਲਾਹੌਰ ਬ੍ਰਾਂਚ ਲਈ ਰੱਖੇ, 150 ਪਿੰਡਾਂ ਨੂੰ ਹੋਵੇਗਾ ਫਾਇਦਾ।
100 ਕਰੋੜ ਪੱਕੇ ਖਾਲੇ ਕੋਟਲਾ ਬ੍ਰਾਂਚ ਲਈ ਰੱਖੇ ਗਏ ਹਨ। ਸਕੂਲ ਸਿੱਖਿਆ ਤੇ ਤਕਨੀਕੀ ਸਿੱਖਿਆ ਵਿੱਚ ਪੰਜਾਬ ਨੇ ਵਿਕਾਸ ਕੀਤਾ। ਪੱਟੀ ਵਿੱਚ ਮੱਝਾਂ ਦੇ ਰਿਸਰਚ ਸੈਂਟਰ ਲਈ 20 ਕਰੋੜ ਰੁਪਏ ਰੱਖੇ ਗਏ ਹਨ। ਸਮਾਰਟ ਫੋਨਾਂ ਲਈ 100 ਕਰੋੜ ਰੁਪਏ ਰੱਥੇ ਗਏ ਹਨ।


ਖਜ਼ਾਨਾ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਲਈ 11 ਹਜ਼ਾਰ 861 ਰੁਪਏ ਦੀ ਤਜ਼ਵੀਜ਼ ਰੱਖੀ ਗਈ ਹੈ।
ਬੱਚਿਆਂ ਤੇ ਵਿੱਦਿਆਰਥੀਆਂ ਲਈ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ 350 ਕਰੋੜ ਮਿਡ-ਡੇ ਮੀਲ ਲਈ ਰੱਖੇ ਗਏ ਹਨ।

ਮਲੇਰਕੋਟਲਾ, ਜ਼ੀਰਾ ਤੇ ਕਾਲਾ ਅਫਗਾਨਾ ਦੇ ਕਾਲਜਾਂ ਲਈ 3 ਕਰੋੜ ਮੁਰੰਮਤ ਲਈ ਰੱਖੇ ਗਏ ਹਨ। 6 ਵੀ ਤੋਂ 12 ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦਿੱਤੇ ਜਾ ਰਹੇ ਹਨ।


ਮਲੇਰਕੋਟਲਾ ‘ਚ ਇਕੱਲੀਆਂ ਲੜਕੀਆਂ ਦੇ ਕਾਲਜ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ SCST ਦੇ ਬੈਕਲਾਗ ਨੂੰ ਪੂਰਾ ਕੀਤਾ ਜਾਵੇਗਾ। ਹੈਂਡੀਕੈਪਡ ਬੱਚਿਆ ਦਾ ਬਕਾਇਆ ਭਰਿਆ ਜਾਵੇਗਾ। 50 ਜਿਲ੍ਹਿਆਂ ਵਿੱਚ ਵਰਕਿੰਗ ਵਿਮੇਨ ਹਾਸਟਲ ਬਣਾਏ ਜਾਣਗੇ। ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ 60 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਰਾਮ ਤੀਰਥ ਅਮ੍ਰਿਤਸਰ ਵਿਚ ਨਵੀਂ IIT ਬਣਾਈ ਜਾਵੇਗੀ। ਸ਼ਹੀਦ ਭਗਤ ਸਿੰਘ ਨਗਰ ‘ਚ ਪੁਲਿਸ ਲਾਇਨ ਲਈ 13 ਕਰੋੜ ਰੁਪਏ ਜ਼ਮੀਨ ਖਰੀਦਣ ਲਈ ਰੱਖਿਆ ਗਿਆ ਹੈ। ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿੱਲੋ ਕਣਕ ਸਪਲਾਈ ਕੀਤੀ ਜਾਏਗੀ। ਇਸ ਲਈ 120 ਕਰੋੜ ਰੁਪਏ ਐਲਾਨੇ ਗਏ। ਇਸ ਸਾਲ 428 ਕਰੋੜ ਰੁਪਏ ਖੇਡਾਂ ਲਈ ਰੱਖੇ ਗਏ। 157 ਕਰੋੜ ਰੁਪਏ ਕੰਢੀ ਇਲਾਕੇ ਦੇ ਟਿਊਬਵੈਲਾਂ ਲਈ ਰੱਖੇ ਗਏ।
ਉਨ੍ਹਾਂ ਕਿਹਾ ਕਿ ਦੋ ਨਵੀਆਂ ਜੇਲ੍ਹਾਂ ਬਣਾਈਆਂ ਜਾਣਗੀਆਂ। ਬਠਿੰਡਾ ਵਿੱਚ 250 ਕਰੋੜ ਦੀ ਲਾਗਤ ਨਾਲ ਬਣੇਗੀ ਵੂਮੈਨ ਸੈੱਲ, ਗੋਇੰਦਵਾਲ ਚ ਰੱਖੇ ਜਾਂਣਗੇ 2780 ਕੈਦੀ।


103 ਕਰੋੜ ਖੁਰਾਲਗੜ੍ਹ ਦੇ ਮੈਮੋਰੀਅਲ ਲਈ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਲਈ 400 ਕਰੋੜ ਰੁਪਏ ਰੱਖੇ ਹਨ। 3000 ਮਿਨੀ ਬੱਸਾਂ ਦੇ ਪਰਮਿਟ ਇਸ ਸਾਲ ਜਾਰੀ ਕੀਤੇ ਜਾਣਗੇ।