India Punjab

ਸਿੰਘੂ ਬਾਰਡਰ ‘ਤੇ ਰਾਤ ਨੂੰ ਹੋਈ ਤਿੰਨ ਰਾਊਂਡ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ

‘ਦ ਖ਼ਾਲਸ ਬਿਊਰੋ :- ਸਿੰਘੂ ਬਾਰਡਰ ‘ਤੇ ਟੀਡੀਆਈ ਮਾਲ ਦੇ ਨੇੜੇ ਕਿਸਾਨਾਂ ‘ਤੇ ਤਿੰਨ ਰਾਊਂਡ ਫਾਇਰਿੰਗ ਕੀਤੀ ਗਈ ਹੈ। ਇਸ ਫਾਇਰਿੰਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਕ ਹਮਲਾਵਰ ਚੰਡੀਗੜ੍ਹ ਨੰਬਰ ਵਾਲੀ ਚਿੱਟੇ ਰੰਗ ਦੀ ਆਡੀ ਗੱਡੀ ਵਿੱਚ ਆਏ ਸਨ ਅਤੇ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ।

ਇਹ ਫਾਇਰਿੰਗ ਹਰਮੀਤ ਸਿੰਘ ਕਾਦੀਆਂ ਦੇ ਕਾਫਲੇ ਦੇ ਨੌਜਵਾਨਾਂ ’ਤੇ ਕੀਤੀ ਗਈ। ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਸਵਾਰਾਂ ਨੇ ਪੀਣ ਵਾਲੇ ਪਾਣੀ ਨੂੰ ਲੈ ਕੇ ਗਾਲ੍ਹਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕੈਂਪਰ ਵਿੱਚੋਂ ਪਾਣੀ ਪੀ ਲੈਣ ਅਤੇ ਗਾਲ੍ਹਾ ਨਾ ਕੱਢਣ। ਇਸ ’ਤੇ ਨੌਜਵਾਨ ਭੜਕ ਗਏ ਅਤੇ ਪਰਤ ਗਏ ਪਰ ਕੁੱਝ ਸਮੇਂ ਬਾਅਦ ਫਿਰ ਵਾਪਸ ਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।  

ਇਹ ਘਟਨਾ ਰਾਤ ਦੇ ਕਰੀਬ 11.00 ਵਜੇ ਵਾਪਰੀ। ਘਟਨਾ ਮਗਰੋਂ ਕੁੰਡਲੀ ਥਾਣੇ ਦੇ ਐੱਸਐੱਚਓ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮੌਕੇ ’ਤੇ ਮੌਜੂਦ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਨਾਲ ਗੱਲਬਾਤ ਕੀਤੀ। ਕਾਦੀਆਂ ਨੇ ਕਿਹਾ ਕਿ ਐੱਸਐੱਚਓ ਰਵੀ ਕੁਮਾਰ ਨੇ ਕਿਹਾ ਹੈ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਆਲੇ ਦੁਆਲੇ ਲੱਗੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੱਡੀ ਨੰਬਰ ਸੀਐੱਚ 9595 ਹਮਲੇ ਵਿੱਚ ਸ਼ਾਮਲ ਸੀ। ਇਸ ਮਾਮਲੇ ਦੀ ਜਾਣਕਾਰੀ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ।