Punjab

ਵਿਧਾਨ ਸਭਾ ‘ਚ ਬਜਟ ‘ਤੇ ਅੱਜ ਬਹਿਸ , ਬਜਟ ਸੈਸ਼ਨ ਜਾਰੀ

Debate on the budget in the Vidhan Sabha today, the budget session continues

ਚੰਡੀਗੜ੍ਹ : ਪੰਜਾਬ ਦੀ ਆਪ ਸਰਕਾਰ ਨੇ ਕੱਲ ਆਪਣਾ ਪਹਿਲਾ ਸੰਪੂਰਨ ਬਜਟ ਪੇਸ਼ ਕੀਤਾ ਹੈ।ਅੱਜ ਹੋਣ ਵਾਲੀ ਵਿਧਾਨ ਸਭਾ ਦੀ ਬੈਠਕ ਵਿੱਚ ਇਸ ‘ਤੇ ਬਹਿਸ ਸ਼ੁਰੂ ਹੋਈ ਹੈ  ਪਰ ਉਸ ਤੋਂ ਪਹਿਲਾਂ ਪ੍ਰਸ਼ਨ ਕਾਲ ਵਿੱਚ ਕਈ ਵਿਧਾਇਕਾਂ ਨੇ ਆਪੋ ਆਪਣੇ ਇਲਾਕਿਆਂ ਦੇ ਮੁੱਦੇ ਉਠਾਏ ।ਕੱਲ ਵਿਰੋਧੀ ਧਿਰ ਨੇ ਬਾਈਕਾਟ ਕੀਤਾ ਸੀ ਪਰ ਅੱਜ ਕਾਂਗਰਸੀ ਵਿਧਾਇਕ ਹਾਜਰ ਸਨ।

ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇੱਕ ਸਵਾਲ ਦੇ ਜੁਆਬ ਵਿੱਚ ਇਹ ਸਾਫ ਕੀਤਾ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਕੋਈ ਵੀ ਤਜਵੀਜ਼ ਸਰਕਾਰ ਦੀ ਨਹੀਂ ਹੈ।ਇਸੇ ਤਰਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ਵਿੱਚ ਦੱਸਿਆ ਹੈ ਕਿ ਆਰਥਿਕ ਪੱਖੋ ਕਮਜ਼ੋਰ ਲੋਕਾਂ ਦੇ ਲਈ 25000 ਹਜਾਰ ਦੇ ਕਰੀਬ ਮਕਾਨ ਸਰਕਾਰ ਬਣਾ ਕੇ ਦੇਣ ਜਾ ਰਹੀ ਹੈ ।

ਲੁਧਿਆਣਾ ਵਿੱਚ ਪੈਂਦੇ ਕਈ ਰਜਵਾਹਿਆਂ ਨੂੰ ਪੱਕੇ ਕਰਨ ਦਾ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ।ਇਹ ਗੱਲ ਕੈਬਨਿਟ ਮੰਤਰੀ ਮੀਤ ਹੇਅਰ ਨੇ ਇਹ ਗੱਲ ਵਿਧਾਨ ਸਭਾ ਵਿੱਚ ਰੱਖਦਿਆਂ ਦੱਸਿਆ ਕਿ ਪਾਣੀ ਦੇ ਪੱਧਰ ਨੂੰ ਹੋਰ ਥੱਲੇ ਜਾਣ ਤੋਂ ਬਚਾਉਣ ਲਈ ਨਹਿਰੀ ਪਾਣੀ ਦੀ ਵਰਤੋਂ ‘ਤੇ ਧਿਆਨ ਦਿੱਤਾ ਜਾਵੇਗਾ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ 11000 ਹੋਮਗਾਰਡ ਕਰਮੀਆਂ ਨੂੰ ਪੱਕਿਆਂ ਕਰਨ ਦੀ ਮੰਗ ਰੱਖੀ। ਜਿਸ ਦਾ ਜੁਆਬ ਵਿੱਚ  ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਹੋਮਗਾਰਡ ਵਿਭਾਗ ਤੋਂ ਸੂਚੀ ਮੰਗਵਾਈ ਸੀ ਪਰ ਕੁੱਝ ਵਿਧਾਨਕ ਅੱੜਚਨਾਂ ਹਨ,ਜਿਸ ਕਾਰਨ ਇਹਨਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੱਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੋਸ਼ਲ ਮੀਡੀਆ ਤੇ ਮਿਲੀ  ਧਮਕੀ ਦਾ ਜ਼ਿਕਰ ਵੀ ਬਾਜਵਾ ਨੇ ਕੀਤਾ ਤੇ ਸਰਕਾਰ ਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਵੀ ਵਿੱਤੀ ਸਹਾਇਤਾ ਦੇਣ ਦੀ ਗੱਲ ਉਹਨਾਂ ਕਹੀ।

ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਪਣੇ ਇਲਾਕੇ ਪਠਾਨਕੋਟ ਦੇ 50 ਸਾਲ ਤੋਂ ਚੱਲ ਰਹੇ ਇੱਕ ਕਾਲਜ਼ ਦੀ ਮਾੜੀ ਹਾਲਤ ਦਾ ਜ਼ਿਕਰ ਕੀਤਾ।ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਫਰੀਦਕੋਟ ਕਾਲਜ ਵਿੱਚ ਬੀਐਸਸੀ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਮੰਗ ਰੱਖੀ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਦਨ ਵਿੱਚ ਰੱਖੀ ਤੇ ਕਿਹਾ ਕਿ ਸਰਕਾਰ ਦੇ ਹੱਥ ਵਿੱਚ ਜੋ ਵੀ ਹੈ ,ਉਹ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹਨਾਂ ਦੇ ਸੰਬੰਧ ਵਿੱਚ ਮਤਾ ਪਾਸ ਕੀਤਾ ਜਾਂਦਾ ਪਰ ਹੋਇਆ ਕੁੱਝ ਵੀ ਨਹੀਂ।ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਵੀ ਹੋਈ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਹੈ।  ਹਰ ਬੰਦੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ,ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਾ ਰਖਦਾ ਹੋਵੇ। ਇਸ ਗੱਲ ‘ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ।ਪ੍ਰੋਫੈਸਰ ਭੁੱਲਰ ਮਾਮਲੇ ਵਿੱਚ ਦਿੱਲੀ ਸਰਕਾਰ ਦੀ ਕਾਰਵਾਈ ਬਣਦੀ ਹੈ ਪਰ ਸਰਕਾਰ ਕੋਈ ਕਦਮ ਚੁਕਣਾ ਹੀ ਨਹੀਂ ਚਾਹੁੰਦੀ।

ਦਵਾਈਆਂ ਦੇ ਰੇਟ ਵੱਧਣ ਦਾ ਮੁੱਦਾ ਵੀ ਅੱਜ ਵਿਧਾਨ ਸਭਾ ਵਿੱਚ ਰੱਖਿਆ ਗਿਆ।ਪ੍ਰਿੰਸੀਪਾਲ ਬੁੱਧ ਰਾਮ ਨੇ ਇਸ ਗੱਲ ਤੇ ਸਵਾਲ ਖੜੇ ਕਰਦੇ ਹੋਏ ਮੰਗ ਰੱਖੀ ਕਿ ਦਵਾਈਆਂ ਲਈ ਸਟੋਰ ਹਸਪਤਾਲਾਂ ਦੇ ਅੰਦਰ ਬਣਾਏ ਜਾਣ। ਡਾ. ਬਲਬੀਰ ਸਿੰਘ ਨੇ ਇਸ ਸਵਾਲ ਦਾ ਜੁਆਬ ਦਿੰਦੇ ਹੋਏ ਆਮ ਲੋਕਾਂ ਦੀ ਹੁੰਦੀ ਲੁੱਟ ਦਾ ਜ਼ਿਕਰ ਕੀਤਾ ਤੇ ਭਰੋਸਾ ਦਿੱਤਾ ਕਿ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਉਪਲਬੱਧ ਕਰਵਾਈਆਂ ਜਾਣਗੀਆਂ। ਨਸ਼ਿਆਂ ਤੇ ਬੋਲਦਿਆਂ ਡਾ. ਬਲਵੀਰ ਸਿੰਘ ਨੇ ਆਪਣੀ ਰਿਪੋਰਟ ਦਾ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਤੇ ਗੁਰਦਾਸ ਪੁਰ ਵਿਚ ਨਸ਼ਿਆਂ ਦਾ ਸਭ ਤੋਂ ਜਿਆਦਾ ਪ੍ਰਸਾਰ ਹੈ।

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਖੇਤੀਬਾੜੀ ਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਨਾਲ ਜੁੜੀ ਕਮੇਟੀ ਦੀ ਰਿਪੋਰਟ ਸਦਨ ਵਿੱਚ  ਪੇਸ਼ ਕੀਤੀ। ਬਣਾਂਵਲੀ ਨੇ ਦੱਸਿਆ ਕਿ ਵਿਧਾਨ ਸਭਾ ਦੀ ਸਾਲ 2022-23 ਦੀ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ਖੇਤੀਬਾੜੀ ਪੰਜਾਬ ਦਾ ਅਹਿਮ ਰੋਜ਼ਗਾਰ ਦਾ ਸਾਧਨ ਹੈ ਤੇ ਇਸ ਨਾਲ ਕਈ ਹੋਰ ਵਿਭਾਗ ਵੀ ਜੁੜੇ ਹੋਏ ਹਨ। ਇਸ ਵਿੱਚ ਕਿਸਾਨੀ ਨਾਲ ਜੁੜੀਆਂ 68 ਸਿਫਾਰਿਸ਼ਾਂ ਕੀਤੀਆਂ ਗਈਆਂ ਹਨ। ਜਿਸ ਵਿੱਚ ਖੇਤੀ ਨਾਲ ਜੁੜੇ ਹੋਰ ਵਿਭਾਗਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦਾ ਹੱਲ ਦਿੱਤਾ ਗਿਆ ਹੈ।ਜਿਸ ਤੇ ਬਹਿਸ ਹੋਣੀ ਚਾਹੀਦੀ ਹੈ।

ਇਸ ਤੋਂ ਬਾਅਦ ਬਜਟ ‘ਤੇ ਬਹਿਸ ਸ਼ੁਰੂ ਹੋਈ।

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ ਸਾਲ ਨਾਲੋਂ ਜਿਆਦਾ ਪੈਸਾ ਇਸ ਵਾਰ ਰੱਖਿਆ ਗਿਆ ਹੈ ਤੇ ਕਈ ਵਿਭਾਗਾਂ ਵਿੱਚ  ਇਸ ਵਾਰ ਪਹਿਲੀ ਵਾਰ ਵੱਧ ਪੈਸਾ ਰੱਖਿਆ ਗਿਆ ਹੈ।ਬਣਾਂਵਾਲੀ ਨੇ ਇਸ ਦੌਰਾਨ ਆਪ ਸਰਕਾਰ ਦੀਆਂ ਹੋਰ ਪ੍ਰਪਤੀਆਂ ਵੀ ਗਿਣਾਈਆਂ ਤੇ ਵਿਰੋਧੀ ਧਿਰ ‘ਤੇ ਨਿਸ਼ਾਨਾ ਵੀ ਲਾਇਆ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਜਟ ਬਾਰੇ ਬੋਲਦਿਆਂ ਕਿਹਾ ਕਿ ਕਰਜ਼ਾ ਵੀ ਪੰਜਾਬ ਦੇ ਸਿਰ ਤੇ ਵੱਧ ਗਿਆ ਹੈ। ਵਿਧਾਇਕ ਬਣਾਂਵਲੀ ਦੀ ਗੱਲ ਤੇ ਖਹਿਰਾ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਆਪ ਦਾ ਇੱਕ ਚੇਅਰਮੈਨ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ।ਜਿਸ ਦੀ ਇਸ ਵੇਲੇ ਵੀਡੀਓ ਵਾਇਰਲ ਹੋਈ ਹੈ ਤੇ ਆਪ ਸਰਕਾਰ ਇਸ ਵੇਲੇ ਇਮਾਨਦਾਰੀ ਦੀ ਗੱਲ ਕਰ ਰਹੀ ਹੈ ।  ਖੇਤੀ ਲਈ ਰੱਖੇ ਗਏ ਬਜਟ ਵਿੱਚੋਂ ਬਿਜਲੀ ਵਿਭਾਗ ਦੀ ਸਬਸਿਡੀ ਨੂੰ ਕੱਢ ਦਿੱਤਾ ਜਾਵੇ ਤਾਂ ਇਹ ਸਿਰਫ਼ 2 ਫੀਸਦੀ ਰਹਿ ਜਾਂਦਾ ਹੈ।ਇਸ ਨਾਲ ਖੇਤੀ ਦੇ ਹੋਰ ਕਿਹੜੇ ਕੰਮ ਹੋਣਗੇ? ਪੰਜਾਬ ਦੇ ਪਾਣੀਆਂ ਦੀ ਅੰਨੀ ਵੰਡ ਤੇ ਹੋਰ ਕਈ ਕਾਰਨਾਂ ਕਰਕੇ ਪੰਜਾਬ ਦੇ ਕਿਸਾਨਾਂ ਦੇ ਸਿਰ ਕਰਜਾ ਚੱੜਿਆ ਹੈ।

ਇਸ ਇਲਾਕੇ ਦੇ ਸਹੀ ਵਿਕਾਸ ਲਈ ਇਹ ਜਰੂਰੀ ਹੈ ਕਿ ਪਾਕਿਸਤਾਨ ਰਾਹੀਂ ਦੂਸਰੇ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਵਪਾਰ ਦਾ ਰਾਹ ਖੋਲਿਆ ਜਾਵੇ। ਜਿਸ ਤਰਾਂ ਪਿਛਲੇ ਸਮੇਂ ਵਿੱਚ ਹੁੰਦਾ ਸੀ।ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਉਸ ਬਿਆਨ ਨੂੰ ਵੀ ਨਕਾਰਿਆ ਹੈ ,ਜਿਸ ਵਿਚ ਮਾਨ ਨੇ ਪਾਕਿਸਤਾਨ ਨਾਲ ਵਪਾਰ ਖੋਲਣ ਵਾਲੇ ਰਾਹ ਨੂੰ ਸਹੀ ਨਹੀਂ ਦੱਸਿਆ ਸੀ। ਖਹਿਰਾ ਨੇ ਸਿੱਧਾ ਕਿਹਾ ਹੈ ਕਿ ਇਹ ਬੀਜੇਪੀ ਵਾਲੀ ਬੋਲੀ ਹੈ ਜੋ ਮਾਨ ਬੋਲ ਰਹੇ ਹਨ।

ਪੰਜਾਬ ਦੇ ਮੌਜੂਦਾ ਹਾਲਾਤ ਦੱਸ ਰਹੇ ਹਨ ਕਿ ਇਹ ਰਾਹ ਖੋਲਣ ਦੀ ਬਹੁਤ ਲੋੜ ਹੈ ਕਿਉਂਕਿ ਪੰਜਾਬ ਕੋਲ ਹੁਣ ਹੋਰ ਸਾਧਨ ਨਹੀਂ ਹੈ।

ਖਹਿਰਾ ਦੀ ਇਸ ਮੰਗ ਦਾ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧ ਕੀਤਾ ਪਰ ਖਹਿਰਾ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫਸਲ ਦਾ ਰੇਟ ਪਾਕਿਸਤਾਨ ਤੋਂ ਪਾਰ ਵਾਲੇ ਮੁਲਕਾਂ ਵਿੱਚ ਕਈ ਇਧਰ ਨਾਲੋਂ ਜਿਆਦਾ ਹੈ। ਕਿਸਾਨ ਦੀ ਆਰਥਿਕ ਹਾਲਤ ਨੂੰ ਸਹੀ ਕਰਨ ਲਈ ਇਹ ਜਰੂਰੀ ਹੈ।

ਪੰਜਾਬ ਸਰਕਾਰ ਨੂੰ ਸੀਸੀਐਲ ਲਿਮਿਟ ਵਧਾਉਣ ਲਈ ਕੇਂਦਰ ਨੂੰ ਮਿਲਣ ਦੀ ਵੀ ਖਹਿਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ।ਆਯੂਸ਼ਮਾਨ ਸਕੀਮ ਨੂੰ ਵੀ ਦੁਬਾਰਾ ਚਲਾਉਣ ਦੀ ਮੰਗ ਉਹਨਾਂ ਕੀਤੀ ਹੈ।

ਪੰਜਾਬ ਵਿੱਚ ਮੋੜ ਮੰਡੀ ਵਿੱਚ 2007 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਬੰਬ ਧਮਾਕੇ ਦੀ ਗੱਲ ਕਰਦਿਆਂ ਖਹਿਰਾ ਨੇ ਕਿਹਾ ਕਿ ਸਰਹੱਦ ਤੇ ਜੇਕਰ ਡਰੋਨ ਮਿਲਦਾ ਹੈ ਤਾਂ ਡੀਜੀਪੀ ਪ੍ਰੈਸ ਕਾਨਫਰੰਸ ਕਰ ਦਿੰਦੇ ਹਨ,ਪੰਜਾਬ ਵਿੱਚ ਨੋਜਵਾਨਾਂ ਨੂੰ ਅੱਤਵਾਦੀ ਐਲਾਨ ਦਿੱਤਾ ਜਾਂਦਾ ਹੈ ਪਰ ਪੰਜਾਬ ਦੇ ਨਿਹੱਥੇ ਲੋਕਾਂ ਤੇ ਬੱਚਿਆਂ ਦੀ ਮੌਤ ਉਸ ਵੇਲੇ ਹੋਈ ਤੇ ਆਰਡੀਐਕਸ ਇਸ ਧਮਾਕੇ ਵਿੱਚ ਵਰਤੋਂ ਹੋਈ ਪਰ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ? ਡੇਰਾ ਸਾਧ ਦੇ ਡੇਰੇ ਵਿੱਚ ਇਹ ਆਰਡੀਐਕਸ ਰੱਖਿਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਹੈ। ਨਾ ਹੀ ਕਿਸੇ ਏਜੰਸੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਜਦੋਂ ਕਿ ਕਿਸੇ ਵੀ ਹੋਰ ਮਾਮਲੇ ਵਿੱਚ ਮੀਡੀਆ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਭੰਡ ਦਿੰਦੀ ਹੈ।

ਬੇਅਦਬੀ ਮਾਮਲੇ ਤੇ ਵੀ ਖਹਿਰਾ ਨੇ ਆਪਣੇ ਵਿਚਾਰ ਰਖਣੇ ਚਾਹੇ ਤਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੋੜਵਾਂ ਜੁਆਬ ਦਿੰਦੇ ਹੋਏ ਕਿਹਾ ਕਿ ਸਿੱਖਾਂ ਨੂੰ ਅੱਤਵਾਦੀ ਕਹੇ ਜਾਣ ਦੀ ਸ਼ੁਰੂਆਤ ਕਾਂਗਰਸ ਨੇ ਕੀਤੀ ਸੀ।

ਆਪਣੀ ਗੱਲ ਨੂੰ ਜਾਰੀ ਰੱਖਦਿਆਂ ਖਹਿਰਾ ਨੇ ਲਗਾਤਾਰ ਡੇਰਾ ਸਾਧ ਤੇ ਨਿਸ਼ਾਨੇ ਲਾਏ ਤੇ ਕਿਹਾ ਕਿ ਬੇਅਦਬੀਆਂ ਦੀ ਅਸਲੀ ਸ਼ੁਰੂਆਤ ਸਲਾਬਤਪੁਰਾ ਤੋਂ 2007 ਵਿੱਚ ਹੋਈ ਸੀ ਜਦੋਂ ਦਸਮ ਪਿਤਾ ਦੀ ਪੁਸ਼ਾਕ ਦੀ ਨਕਲ ਕੀਤੀ ਗਈ ਸੀ ਪਰ 2012 ਦੀਆਂ ਵੋਟਾਂ ਤੋਂ ਪਹਿਲਾਂ ਸਰਕਾਰ ਨੇ ਇਸ ਮਾਮਲੇ ਦਾ ਚਲਾਨ ਪੇਸ਼ ਨਹੀਂ ਹੋਣ ਦਿੱਤਾ ਤੇ 2014 ਵਿੱਚ ਇਸ ਮਾਮਲੇ ਨੂੰ ਡਿਸਚਾਰਜ ਕਰ ਦਿੱਤਾ। ਜਿਸ ਮਗਰੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ।

ਇਸ ਤੋਂ ਬਾਅਦ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਪੰਜਾਬ ‘ਤੇ ਲੰਬਾ ਸਮਾਂ ਸਰਕਾਰ ਰਹੀ ਹੈ। ਬਾਦਲ ਸਰਕਾਰ ਨੇ ਆਉਂਦਿਆਂ ਹੀ ਕਿਸਾਨਾਂ ਦੇ ਟਿਊਬਵੈਲ ਬਿੱਲ ਮਾਫ਼ ਕਰ ਕੇ ਇੱਕ ਵਧੀਆ ਕੰਮ ਕੀਤਾ ਤੇ ਹੋਰ ਵੀ ਕਈ ਪ੍ਰਾਪਤੀਆਂ ਗਿਣਾਈਆਂ।

ਹਲਕਾ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਆਰਥਿਕਤਾ ਸੁਧਾਰਨ ਵਾਲਾ ਬਜਟ ਦੱਸਿਆ ਹੈ ਤੇ ਕਿਹਾ ਹੈ ਕਿ ਆਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਬਹੁਤ ਕਰਜ਼ਾ ਸੀ । ਕਰਜੇ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੀ ਸਰਕਾਰ ਵੇਲੇ ਇਹ ਜਿਆਦਾ ਹੋਇਆ ਹੈ ?

ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਨਿਵੇਸ਼ ਆਉਣ ਨਾਲ ਰੁਜ਼ਗਾਰ ਮਿਲਣ ਦੀ ਸੰਭਾਵਨਾ ਵਧੀ ਹੈ।ਖੇਡਾਂ ਵਿੱਚ ਵੀ ਬਜਟ ਵਧਾਇਆ ਗਿਆ ਹੈ। ਪਿਛਲੀਆਂ ਸਰਕਾਰਾਂ ਤੇ ਵਰਦਿਆਂ ਵਿਧਾਇਕ ਚੱਢਾ ਨੇ ਆਫ ਸਰਕਾਰ ਦੀਆਂ ਹੋਰ ਕਈ ਪ੍ਰਾਪਤੀਆਂ ਵੀ ਗਿਣਾਈਆਂ।

ਜਿਸ ਤੋਂ ਬਾਅਦ ਵਿਧਾਨ ਸਭਾ ਨੂੰ ਢਾਈ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

ਦੁਪਹਿਰ ਦੇ ਖਾਣੇ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ। ਜਿਸ ਵਿੱਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ  ਨੇ ਵੀ ਆਪ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।

ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਪ ਸਰਕਾਰ ਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਜੇਕਰ ਆਪ ਨੂੰ ਪਤਾ ਸੀ ਕਿ ਪੰਜਾਬ ਤੇ ਬਹੁਤ ਕਰਜਾ ਚੜ ਚੁੱਕਾ ਹੈ ਤਾਂ ਗਰੰਟੀਆਂ ਕਿਉਂ ਦਿੱਤੀਆਂ ਗਈਆਂ।ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਮਾਮਲੇ ਤੇ ਹੋਰ ਕਈ ਵਾਅਦਿਆਂ ਤੇ ਗੱਲ ਕਰਦਿਆਂ ਵਿਧਾਇਕ ਸ਼ਰਮਾ ਨੇ ਕਿਹਾ ਕਿ ਬਜਟ ਮਹਿਲਾਵਾਂ ਨੂੰ ਨਿਰਾਸ਼ ਕਰਨ ਵਾਲਾ ਸੀ। ਕਿਸਾਨਾਂ ਨੂੰ ਚੁਟਕੀਆਂ ਵਜਾ ਕੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਾਲ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ  ਐਮਐਸਪੀ ਨਹੀਂ ਦਿੱਤੀ ਗਈ ,ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਇਹ ਦੇ ਵੀ ਦਿੱਤੀ ਹੈ।

ਭਾਜਪਾ ਵਿਧਾਇਕ ਦੇ ਇਸ ਦਾਅਵੇ ਤੋਂ ਬਾਅਦ ਵਿਧਾਇਕ ਮਨਜੀਤ ਸਿੰਘ ਗਿਆਸਪੁਰਾ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ। ਰੌਲਾ-ਰੱਪਾ ਸ਼ੁਰੂ ਹੋ ਗਿਆ ਤੇ ਇਸ ਵਿਚਾਲੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਪਣੀ ਗੱਲ ਜਾਰੀ ਰਖਦੇ ਹੋਏ ਕਿਹਾ ਕਿ  ਹਿਮਾਚਲ ਪ੍ਰਦੇਸ਼ ਚੋਣਾਂ ਵੇਲੇ OPS ਨੂੰ ਲੈ ਕੇ ਝੂਠੇ ਵਾਅਦੇ ਕੀਤੇ ਗਏ। ਆਪ ਨੇ 16000 ਮੁਹੱਲਾ ਕਲੀਨਿਕਾਂ ਦੇ ਵਾਅਦੇ ਦੀ ਗੱਲ ਕਰਦੇ ਹੋਏ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਪੈਸੇ ਪੰਜਾਬ ਸਰਕਾਰ ਲੈਣਾ ਹੀ ਨਹੀਂ ਚਾਹੁੰਦੀ।ਜਿਸ ਤੋਂਬਾਅਦ ਰੌਲਾ ਪੈਣਾ ਸ਼ੁਰੂ ਹੋ ਗਿਆ।

ਬਸਪਾ ਵਿਧਾਇਕ ਨਛੱਤਰ ਪਾਲ ਨੇ ਆਪਣੇ ਸੰਬੋਧਨ ਵਿੱਚ ਬਜਟ ਵਿੱਚ ਸਰਕਾਰੀ ਕਰਮਚਾਰੀਆਂ ਦੇ ਡਿਵੈਲਪਮੈਂਟ ਫੰਡ ਕਟੇ ਜਾਣ ਨੂੰ ਬੰਦ ਕਰਨ ਦੀ ਮੰਗ ਰੱਖੀ।

ਕਾਂਗਰਸੀ ਵਿਧਾਇਕ ਰਾਜ ਸਿੰਘ ਚੱਬੇਵਾਲ ਨੇ ਪੰਜਾਬ ਸਿਰ ਚੜੇ ਕਰਜੇ ਦੀ ਗੱਲ ਕਰਦੇ ਹੋਏ ਸੰਭਾਵਨਾ ਜਾਹਿਰ ਕੀਤੀ ਹੈ ਕਿ ਹਾਲਾਤ ਸ਼੍ਰੀਲੰਕਾ ਵਰਗੇ ਹਾਲਾਤ ਬਣ ਸਕਦੇ ਹਨ। ਸਰਕਾਰ ਨੂੰ ਸੁਝਾਅ ਦਿੰਦੇ ਹੋਏ ਉਹਨਾਂ ਕਿਹਾ ਕਿ ਸਿਹਤ ਲਈ ਘੱਟ ਤੋਂ ਘੱਟ 15000 ਕਰੋੜ ਦਾ ਬਜਟ ਹੋਣਾ ਚਾਹੀਦਾ ਤਾਂ ਜੋ ਸਰਕਾਰ ਦੀ ਯੋਜਨਾਵਾਂ ਪੂਰੀਆਂ ਹੋ ਸਕੇ। ਸਿਆਣੇ ਵਿੱਖੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਵੇਲੇ ਵਿਧਾਇਕ ਲਾਭ ਸਿੰਘ ਉਗੋਕੇ  ਨਾਲ ਜੁੜੇ ਇੱਕ ਵਿਵਾਦ  ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਸਿਹਤ ਕੇਂਦਰ ਨੂੰ ਹੀ ਅਪਗ੍ਰੇਡ ਕੀਤਾ ਜਾਵੇ।

ਇਸ ਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਖੜੇ ਹੋ ਕੇ ਸਵਾਲ ਕੀਤਾ ਕਿ ਇਹਨਾਂ ਦੀ ਸਰਕਾਰ ਵੇਲੇ ਕਿੰਨੇ ‘ਕ ਹਸਪਤਾਲ ਉਥੇ ਬਣੇ ਸਨ ? ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਉਸ ਦਾਅਵੇ ਦਾ ਵੀ ਵਿਧਾਇਕ ਉਗੋਕੇ ਨੇ ਖੰਡਨ ਕੀਤਾ ਹੈ ਕਿ ਉਹਨਾਂ ਨੇ ਕਿਸੇ ‘ਤੇ ਪਰਚੇ ਕਰਵਾਏ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਚੋਣਾਂ ਵਾਲੇ ਦਿਨ 25 ਕਾਂਗਰਸੀ ਗੁੰਡਿਆਂ ਨੇ ਉਹਨਾਂ ਦੀ ਗੱਡੀ ਤੇ ਹਮਲਾ ਕੀਤਾ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ।

ਜਿਸ ਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਮੋੜਵਾਂ ਜੁਆਬ ਦਿੰਦੇ ਹੋਏ ਕਿਹਾ ਕਿ ਆਪ ਸਰਕਾਰ ਨੇ  ਸਾਲ ਭਰ ਵਿੱਚ ਬਦਲਾਅੇ ਦੇ ਨਾਂ ਤੇ  ਸਿਰਫ ਠਗੀ ਕੀਤੀ ਹੈ।ਸਿੰਗਾਪੁਰ ਭੇਜੇ ਗਏ ਸਕੂਲ ਮੁਖੀਆਂ ‘ਤੇ ਵੀ ਵਿਧਾਇਕ ਚੱਬੇਵਾਲ ਨੇ ਸਵਾਲ ਚੁੱਕੇ ਕਿ ਸਿੰਗਾਪੁਰ ਭੇਜਣ ਦੀ ਬਜਾਇ ਇੰਗਲੈਂਡ ਜਾ ਹੋਰ ਵਿਕਸਤ ਮੁਲਕਾਂ ਵਿੱਚ ਅਧਿਆਪਕਾਂ ਨੂੰ ਟਰੇਨਿੰਗ ਲਈ ਕਿਉਂ ਨਹੀਂ ਭੇਜਿਆ ਗਿਆ?

ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਸਰਾਹਨਾ ਕੀਤੀ । ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ  ਪਿਛਲੀਆਂ ਸਰਕਾਰਾਂ ਤੇ ਵਰਦਿਆਂ  ਦੁਆਬਾ ਇਲਾਕੇ ਵਿੱਚ ਦੋ ਮੈਡੀਕਲ ਕਾਲਜ ਖੋਲਣ ਤੇ ਖੁਸ਼ੀ ਜ਼ਾਹਿਰ ਕੀਤੀ।

ਬਿਜਲੀ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਨੇ ਸਭ ਤੋਂ ਜਿਆਦਾ ਬਿਜਲੀ ਕਿਸਾਨਾਂ ਨੂੰ ਦਿੱਤੀ ਹੈ। ਇਸ ਵਾਰ ਵੀ 9331 ਕਰੋੜ ਰੁਪਏ ਕਿਸਾਨਾਂ ਨੂੰ ਸਬਸਿਡੀ ਦਿੱਤੀ ਗਈ ਹੈ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਬਿਜਲੀ ਵਿਭਾਗ ਦੇ ਘਾਟੇ ਵਾਲੇ ਬਿਆਨ ‘ਤੇ ਵੀ ਵਿਧਾਇਕ ਭੁੱਲਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਬਿਜਲੀ ਵਿਭਾਗ ਦਾ ਕਰਜਾ ਕਿਸ਼ਤਾਂ ਵਿੱਚ ਲਾਹ ਦਿੱਤਾ ਜਾਵੇਗਾ। ਪਿਛਲੀ ਸਰਕਾਰ ਨੇ ਸਿਰਫ ਕੁਝ ਵਰਗਾਂ ਨੂੰ ਇੱਕ ਕਿਲੋਵਾਟ ਤੱਕ ਮਾਫ ਸੀ ਪਰ ਆਪ ਸਰਕਾਰ ਨੇ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਹੈ।

ਮੰਤਰੀ ਭੁੱਲਰ ਦੇ ਇਸ ਬਿਆਨ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਜਵਾਬ ਦਿੱਤਾ ਕਿ ਪਿਛਲੀ ਸਰਕਾਰ ਵੇਲੇ ਆਮ ਲੋਕਾਂ ਨੂੰ 7 ਕਿਲੋਵਾਟ ਵਾਲੇ ਨੂੰ 3 ਰੁਪਏ ਸਸਤੀ ਬਿਜਲੀ ਹਰ ਵਰਗ ਨੂੰ ਦਿੱਤੀ ਜਾਂਦੀ ਸੀ।ਪੰਜਾਬ ਸਰਕਾਰ ਦੱਸੇ ਕਿ ਉਸ ਦਾ ਕੀ ਕੀਤਾ ਹੈ?

ਕਾਂਗਰਸ ਪ੍ਰਧਾਨ ਦੇ ਇਸ ਜੁਆਬ ਤੇ  ਮੰਤਰੀ ਭੁੱਲਰ ਨੇ ਕਿਹਾ ਕਿ ਇਹ ਸਕੀਮ ਅੱਜ ਵੀ ਉਸੇ ਤਰਾਂ ਜਾਰੀ ਹੈ।  ਜਦੋ ਕਿ 200 ਯੂਨੀਟ ਬਿਜਲੀ ਮੁਫਤ ਲੈਣ ਲਈ ਲੋਕਾਂ ਨੂੰ ਖ਼ਜਲ ਹੋਣਾ ਪੈਂਦਾ ਸੀ। ਪੰਜਾਬ ਸਰਕਾਰ ਨੇ ਬਿਨਾਂ ਕਿਸੇ ਨੂੰ ਦੁਖੀ ਕੀਤੇ 90 ਫੀਸਦੀ ਲੋਕਾਂ ਲਈ ਬਿਜਲੀ ਦੇ ਬਿੱਲ ਨੂੰ ਜੀਰੋ ਕੀਤਾ ਹੈ।

ਇਸ ਤੋਂ ਬਾਅਦ ਆਪ ਦੇ ਹੋਰ ਵਿਧਾਇਕਾਂ ਨੇ ਵੀ ਆਪਣੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਨੀਤੀਆਂ ਦੀ ਹਾਮੀ ਭਰੀ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਫਰਿਸ਼ਤੇ ਸਕੀਮ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਵਾਰ ਇਸ ਦਾ ਨਾਮ ਵੀ ਨਹੀਂ ਲਿਆ ਗਿਆ ਹੈ । ਪੰਜਾਬ ਦੇ ਸਿਰ ਤੇ ਵੱਧਦੀ ਜਾ ਰਹੀ ਕਰਜੇ ਦੀ ਪੰਡ ਦੀ ਗੱਲ ਵੀ ਬੜਿੰਗ ਨੇ ਕੀਤੀ। ਉਹਨਾਂ ਯੂਨੀਵਰਸਿਟੀਆਂ ਦੇ ਵਿੱਤੀ ਹਾਲਾਤਾਂ ਨੂੰ ਸੁਧਾਰਨ ਦੀ ਅਪੀਲ ਕੀਤੀ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ 30 ਦੇ ਕਰੀਬ ਮੈਂਬਰ ਸਾਹਿਬਾਨ ਨੇ ਆਪਣੇ ਸੁਝਾਅ ਰੱਖੇ ਹਨ। ਵਿਰੋਧੀ ਧਿਰ ਨੇ ਵੀ ਕੁਝ ਸੁਝਾਅ ਰੱਖੇ ਹਨ ਤੇ ਉਹਨਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹਨਾਂ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜੇ ਤੇ ਆਪ ਸਰਕਾਰ ਵਲੋਂ ਅਦਾ ਕੀਤੇ ਗਏ ਕਰਜੇ ਤੇ ਵਿਆਜ ਦਾ ਬਿਊਰਾ ਪੇਸ਼ ਕੀਤਾ । ਉਹਨਾਂ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਕਰਜੇ ਨੂੰ ਜਿਆਦਾ ਨਹੀਂ ਵਧਣ ਦੇਵੇਗੀ ਤੇ ਸਮੇਂ ਸਿਰ ਇਸ ਦੀਆਂ ਕਿਸ਼ਤਾਂ ਜਮਾਂ ਕਰਵਾਈਆਂ ਜਾਣਗੀਆਂ। ਪਿਛਲੀਆਂ ਸਰਕਾਰਾਂ ‘ਤੇ ਵਰਦਿਆਂ ਚੀਮਾ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੇ ਸਮੇਂ ਸਿਰ ਕੁਝ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੀ ਹਾਲਤ ਕੁੱਝ ਹੋਰ ਹੁੰਦੀ। ਵਿਧਾਨ ਸਭਾ ਵਿੱਚ ਵਿਰੋਧੀਆਂ ਵੱਲੋਂ ਕੀਤੇ ਗਏ ਸਵਾਲਾਂ ਦਾ ਜੁਆਬ ਵੀ ਵਿੱਤ ਮੰਤਰੀ ਚੀਮਾ ਨੇ  ਦਿੱਤਾ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਨੂੰ ਸੰਬੋਧਨ ਕੀਤਾ ਤੇ ਵਿਰੋਧੀ ਧਿਰਾਂ ਵੱਲੋਂ ਚੁੱਕੇ ਗਏ ਸਵਾਲਾਂ ਦੇ ਤਿੱਖੇ ਜਵਾਬ ਦਿੱਤੇ।ਜਿਸ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਨੂੰ 22 ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ।