International

ਮਨੁੱਖੀ ਹੱਕਾਂ ਦੀ ਰਾਖੀ ਲਈ ਭਾਈ ਖਾਲੜਾ ਦੀ ਕੁਰਬਾਨੀ ਨੂੰ ਅਮਰੀਕਾ-ਕੈਨੇਡਾ ਮੁਲਕਾਂ ਨੇ ਦਿੱਤੀ ਮਾਨਤਾ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਕਾਲੇ ਦੌਰ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 25ਵੀਂ ਬਰਸੀ ਮੌਕੇ ਕੈਨੇਡਾ ਅਤੇ ਅਮਰੀਕਾ ਦੀਆਂ 14 ਮਿਉਂਸਿਪੈਲਟੀਆਂ ਨੇ ਹਰ ਸਾਲ 6 ਸਤੰਬਰ ਦਾ ਦਿਨ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਕੈਨੇਡਾ ਦੇ ਸ਼ਹਿਰਾਂ ਬਰਨਬੀ, ਸਰੀ, ਨਿਊ ਵੈਸਟ, ਵਿਕਟੋਰੀਆ, ਵੈਨਕੂਵਰ ਅਤੇ ਰਿਜਾਈਨਾਂ ਆਦਿ ਕਰੀਬ 14 ਪ੍ਰਮੁੱਖ ਸ਼ਹਿਰਾਂ ਦੀਆਂ ਮਿਉਂਸਿਪੈਲਟੀਆਂ ਨੇ ਹਰ ਸਾਲ 6 ਸਤੰਬਰ ਦਾ ਦਿਨ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਰਨ ਬਾਰੇ ਮਤੇ ਪਾਸ ਕੀਤੇ ਹਨ।

ਫ਼ਰੈਜ਼ਨੋ ਦੇ ਮੇਅਰ ਲੀ ਬਰੈਂਡ ਵੀ ਇਸ ਲਹਿਰ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਮਿਉਂਸਿਪੈਲਟੀ ਵੱਲੋਂ ਖਾਲੜਾ ਦੇ ਹੌਂਸਲੇ ਦੀ ਤਾਰੀਫ ਕਰਦਿਆਂ ਹਰ ਸਾਲ ਇਹ ਦਿਨ ਉਨ੍ਹਾਂ ਨੂੰ ਸਮਰਿਪਤ ਕਰਨ ਬਾਰੇ ਪੱਤਰ ਜਾਰੀ ਕੀਤਾ।  ਪੰਜਾਬੀ ਭਾਈਚਾਰੇ ਵੱਲੋਂ ਕਈ ਥਾਈਂ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਮਨਾਏ ਗਏ।  ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਦੀ ਲੜਾਈ ਲਈ ਆਪਣੀ ਜਾਨ ਦਾਅ ’ਤੇ ਲਾ ਦਿੱਤੀ ਸੀ ਅਤੇ ਉਨ੍ਹਾਂ ਕੈਨੇਡਾ ਸਰਕਾਰ ਦੀ ਪਰਿਵਾਰ ਸਮੇਤ ਸ਼ਰਨ ਦੇਣ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ।

ਬਾਅਦ ’ਚ ਜਦੋਂ ਉਹ ਪੰਜਾਬ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਤਸੀਹੇ ਦੇ ਕੇ ਮਰਵਾ ਦਿੱਤਾ ਸੀ। ਅਮਰੀਕੀ ਸ਼ਹਿਰ ਫ਼ਰੈਜ਼ਨੋ ਵਿੱਚ ਇੱਕ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਰੱਖਿਆ ਗਿਆ ਹੈ।