Punjab

ਰਾਜਿੰਦਰਾ ਹਸਪਤਾਲ ਦੇ ਕੋਰੋਨਾ ਮਰੀਜ਼ਾਂ ਵਾਲੇ ਵਾਰਡ ‘ਚ ਸੁੱਤੇ ਪਏ ਕੁੱਤੇ, ਕੈਪਟਨ ਕਹਿੰਦੇ ਮੈਂ ਪਲਾਜ਼ਮਾ ਬੈਂਕ ਇੱਥੇ ਹੀ ਬਣਾਊਂ

‘ਦ ਖ਼ਾਲਸ ਬਿਊਰੋ:- ਰਾਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇਸ ਨਾਮੀ ਹਸਪਤਾਲ ਦੀਆਂ ਤਸਵੀਰਾਂ ਦਿਖਾਉਦੇ ਹਾਂ। ਇਹ ਤਸਵੀਰਾਂ ਹਸਪਤਾਲ ਦੇ ਬਾਲ ਵਿਭਾਗ ਦੇ ਬਾਹਰ ਬਣੇ ਵਿਹੜੇ ਦੀਆਂ ਹਨ ਜਿਥੇ ਕੁੱਤੇ ਬੈਠੇ ਸ਼ਰੇਆਮ ਮੌਜਾਂ ਮਾਣਦੇ ਦਿਖਾਈ ਦੇ ਰਹੇ ਹਨ। ਜੇਕਰ ਹਸਪਤਾਲਾਂ ਦੇ ਵਾਰਡਾਂ ਦੀ ਗੱਲ ਕਰੀਏ ਜਿੱਥੇ ਬੈਡ ਲੱਗੇ ਹੋਏ ਹਨ ਉਥੋ ਦੀ ਹਾਲਾਤ ਇੰਨੀ ਖਸਤਾ ਦਿਖਾਈ ਦੇ ਰਹੀ ਹੈ ਕਿ ਇਸ ਹਸਪਤਾਲ ਵਿੱਚ ਕਿਸੇ ਦਾ ਪੈਰ ਤੱਕ ਧਰਨ ਨੂੰ ਜੀਅ ਨਹੀਂ ਕਰਦਾ।

ਸਭ ਤੋਂ ਵੱਡੀ ਗੱਲ ਹੈ ਕਿ ਇਥੇ Covid-19 ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਇਹ ਬੈਡ ਆਈਸੋਲੇਟ ਕਰਨ ਵਾਲੇ ਲੋਕਾਂ ਲਈ ਲਗਾਏ ਹੋਏ ਹਨ।

ਹਸਪਤਾਲ ਦੀ ਇੰਨੀ ਘਟੀਆ ਅਤੇ ਖਸਤਾ ਹਾਲਾਤ ਸਿੱਧੇ ਤੌਰ ‘ਤੇ ਕੈਪਟਨ ਸਰਕਾਰ ‘ਤੇ ਸੁਆਲ ਖੜੇ ਕਰਦੀ ਹੈ। ਕਿਉਕਿ ਕੁੱਝ ਦਿਨ ਪਹਿਲਾਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਸਪਤਾਲ ਵਿੱਚ ਪਲਾਜ਼ਮਾ ਬੈਂਕ ਖੋਲਣ ਬਾਰੇ ਫੈਸਲਾ ਲਿਆ ਹੈ।

ਸਵਾਲ ਇਹ ਹੈ ਕਿ ਕੀ ਹਸਪਤਾਲ ਅਜਿਹੀ ਹਾਲਾਤ ਵਿੱਚ ਹੈ ਜਿਥੇ ਪਲਾਜ਼ਮਾ ਬੈਂਕ ਖੋਲਿਆ ਜਾ ਸਕੇ? ਕੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸਹੀ ਫੈਸਲਾ ਹੈ ?

ਦੂਸਰਾ ਪੰਜਾਬ ਸਰਕਾਰ ਵੱਲੋਂ Covid-19  ਦੇ ਦੌਰ ਵਿੱਚ ਜਿਹੜੇ ਸਿਹਤ ਪ੍ਰਬੰਧਾਂ ਲਈ ਕਰੋੜਾਂ ਰੁਪਏ ਜਾਰੀ ਕੀਤੇ ਸਨ ਆਖਿਰਕਾਰ ਉਹ ਕਿਥੇ ਲੱਗੇ ਹਨ?

ਕਈ ਦਿਨ ਪਹਿਲਾਂ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਵੀ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਸਨ। Covid-19 ਦੇ ਸ਼ੁਰੂਆਤੀ ਦੌਰ ਵਿੱਚ ਇਥੋ ਦੇ ਡਾਕਟਰਾਂ ਅਤੇ ਨਰਸਾਂ ਵੱਲੋਂ ਕਈ ਵਾਰੀ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਕਿ ਇਸ ਭਿਆਨਕ ਬਿਮਾਰੀ ਦੌਰ ਵਿੱਚ ਵੀ ਉਹਨਾਂ ਦੀਆਂ ਲੋੜੀਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ।

 

ਇਹ ਸਿਰਫ ਹੁਣ ਦੀ ਗੱਲ ਨਹੀਂ ਇਥੋ ਦੇ ਸਿਹਤ ਪ੍ਰਬੰਧਾਂ ‘ਤੇ ਸੁਆਲ ਆਮ ਹੀ ਉੱਠਦੇ ਰਹਿੰਦੇ ਹਨ। ਪਰ ਮੌਜੂਦਾਂ ਸਮੇਂ ‘ਚ ਹਸਪਤਾਲ ਦੀਆਂ ਇਹ ਤਸਵੀਰਾਂ ਸੂਬੇ ਦੇ ਸਿਹਤ ਪ੍ਰਬੰਧਾਂ ਦਾ ਮੂੰਹ ਚਿੜਾ ਰਹੀਆਂ ਹਨ। ਇਸ ਪੂਰੇ ਮਸਲੇ ‘ਤੇ ਸਰਕਾਰ ਦਾ ਪੱਖ ਜਾਨਣ ਲਈ ਅਸੀਂ ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ O.P ਸੋਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋ ਨਹੀਂ ਸਕਿਆ।