‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਮੁੰਬਈ ਵਿੱਚ 2012 ’ਚ ਹੋਏ ਸ਼ੀਨਾ ਬੋਰਾ ਕਤਲ ਕੇਸ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਸ਼ੀਨਾ ਦੇ ਕਤਲ ਦੀ ਮੁਲਜ਼ਮ ਉਸ ਦੀ ਮਾਂ ਇੰਦਰਾਣੀ ਮੁਖਰਜੀ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਜ਼ਿੰਦਾ ਹੈ। ਜੇਲ੍ਹ ਵਿੱਚ ਬੰਦ ਇੰਦਰਾਣੀ ਦਾ ਦਾਅਵਾ ਹੈ ਕਿ ਉਸ ਦੀ ਇੱਕ ਸਾਥੀ ਮਹਿਲਾ ਕੈਦੀ ਨੇ ਸ਼ੀਨਾ ਨਾਲ ਕਸ਼ਮੀਰ ਵਿੱਚ ਮੁਲਾਕਾਤ ਕੀਤੀ ਹੈ।ਕੇਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਇੰਦਰਾਣੀ ਨੇ ਸੀਬੀਆਈ ਡਾਇਰੈਕਟਰ ਨੂੰ ਇਸ ਬਾਰੇ ਇੱਕ ਚਿੱਠੀ ਲਿਖਦੇ ਹੋਏ ਅਪੀਲ ਕੀਤੀ ਹੈ ਕਿ ਸ਼ੀਨਾ ਬੋਰਾ ਦੀ ਕਸ਼ਮੀਰ ਵਿੱਚ ਭਾਲ ਕੀਤੀ ਜਾਵੇ।
ਇੰਦਰਾਣੀ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਧੀ ਸ਼ੀਨਾ ਬੋਰਾ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਜ਼ਮੀਨ ਵਿੱਚ ਦਫ਼ਨ ਕਰ ਦਿੱਤੀ ਸੀ।ਇੰਦਰਾਣੀ ਦੀ ਇਹ ਚਿੱਠੀ 28 ਦਸੰਬਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਰੱਖਿਆ ਜਾਵੇਗਾ। ਇਸ ਦਿਨ ਉਸ ਦੀ ਜ਼ਮਾਨਤ ਅਰਜ਼ੀ ’ਤੇ ਵੀ ਫ਼ੈਸਲਾ ਹੋਣਾ ਹੈ। ਇਸ ਤੋਂ ਪਹਿਲਾਂ ਇੰਦਰਾਣੀ ਦੀ ਜ਼ਮਾਨਤ ਅਰਜ਼ੀ 6 ਵਾਰ ਖਾਰਜ ਕੀਤੀ ਜਾ ਚੁੱਕੀ ਹੈ। ਹਰ ਵਾਰ ਇੰਦਰਾਣੀ ਨੇ ਜ਼ਮਾਨਤ ਲਈ ਅਲੱਗ-ਅਲੱਗ ਕਾਰਨ ਦੱਸੇ ਸਨ।
ਸੀਬੀਆਈ ਨੇ ਸ਼ੀਨਾ ਬੋਰਾ ਕਤਲ ਕੇਸ ਵਿੱਚ ਜਾਂਚ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਦਿਨੀਂ ਸੀਬੀਆਈ ਨੇ ਮੁੰਬਈ ਦੀ ਸਪੈਸ਼ਲ ਕੋਰਟ ਵਿੱਚ ਕਿਹਾ ਸੀ ਕਿ 2012 ਵਿੱਚ ਹੋਏ ਇਸ ਕਤਲ ਨੂੰ ਲੈ ਕੇ ਉਸ ਦੀ ਜਾਂਚ ਪੂਰੀ ਹੋ ਗਈ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਤਿੰਨ ਚਾਰਜਸ਼ੀਟ ਅਤੇ ਦੋ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀਆਂ ਹਨ।
ਇਨ੍ਹਾਂ ਵਿੱਚ ਇੰਦਰਾਣੀ ਮੁਖਰਜੀ, ਉਸ ਦੇ ਡਰਾਈਵਰ ਸ਼ਿਆਮਵਰ ਰਾਏ, ਉਸ ਦੇ ਪਹਿਲੇ ਪਤੀ ਸੰਜੀਵ ਖੰਨਾ ਤੇ ਪੀਟਰ ਮੁਖਰਜੀ ਨੂੰ ਮੁਲਜ਼ਮ ਬਣਾਇਆ ਗਿਆ ਹੈ।ਦੱਸ ਦੇਈਏ ਕਿ ਸ਼ੀਨਾ ਬੋਰਾ ਕਤਲਕਾਂਡ ਦਾ ਖੁਲਾਸਾ ਤਦ ਹੋਇਆ ਸੀ, ਜਦੋਂ ਪੁਲਿਸ ਨੇ ਇੰਦਰਾਣੀ ਮੁੂਖਰਜੀ ਦੇ ਡਰਾਈਵਰ ਸ਼ਿਆਮਵਰ ਰਾਏ ਨੂੰ ਬੰਦੂਕ ਸਣੇ ਗ੍ਰਿਫ਼ਤਾਰ ਕੀਤਾ ਸੀ। ਰਾਏ ਨੇ ਦੱਸਿਆ ਸੀ ਕਿ ਇੰਦਰਾਣੀ ਮੁਖਰਜੀ ਨੇ 2012 ਵਿੱਚ ਇੱਕ ਕਾਰ ’ਚ ਸ਼ੀਨਾ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ’ਤੇ ਪੁਲਿਸ ਨੇ ਇੰਦਰਾਣੀ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਦੇ ਪਹਿਲੇ ਪਤੀ ਸੰਜੀਵ ਖੰਨਾ ਨੂੰ ਵੀ ਕਤਲ ਵਿੱਚ ਮਦਦ ਕਰਨ ਅਤੇ ਸਬੂਤ ਮਿਟਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਪਣੇ ਦੂਜੇ ਪਤੀ ਪੀਟਰ ਮੁਖਰਜੀ ਨੂੰ ਇੰਦਰਾਣੀ ਨੇ ਕਿਹਾ ਸੀ ਕਿ ਸ਼ੀਨਾ ਉਸ ਦੀ ਭੈਣ ਹੈ।