International

ਚੀਨ ਦੀ ਦਰਦ ਨਿਵਾਰਕ ਦਵਾਈ ਨਿਰਮਾਤਾ ਕੰਪਨੀਆਂ ’ਤੇ ਪਾਬੰਦੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸੰਯੁਕਤ ਰਾਜ ਅਮਰੀਕਾ ਨੇ ਬੁਧਵਾਰ ਨੂੰ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਰਾਸ਼ਟਰਪਤੀ ਜੋਅ ਬਾਈਡਨ ਨੇ ਇੱਕ ਕਾਰਜਕਾਰੀ ਆਦੇਸ਼ ’ਤੇ ਹਸਤਾਖਰ ਕਰਕੇ ਚੀਨ ਦੀ ਦਰਦ ਨਿਵਾਰਕ ਦਵਾਈ ਨਿਰਮਾਤਾ ਕੰਪਨੀਆਂ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਬਾਈਡਨ ਨੇ ਇਹ ਕਦਮ ਮਹਾਮਾਰੀ ਦਾ ਰੂਪ ਲੈਂਦੀ ਜਾ ਰਹੀ ਨਸ਼ੇ ਦੀ ਲਤ ਤੋਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਚੁੱਕਿਆ ਹੈ।

ਪਾਬੰਦੀ ਨਾਲ ਜੁੜੇ ਰਾਸ਼ਟਰਪਤੀ ਬਾਈਡਨ ਦੇ ਇਸ ਨਵੇਂ ਕਾਰਜਕਾਰੀ ਆਦੇਸ਼ ਦਾ ਮਕਸਦ ਵਿਦੇਸ਼ੀ ਨਸ਼ਾ ਤਸਕਰਾਂ ’ਤੇ ਲਗਾਮ ਕੱਸਣਾ ਹੈ। ਵਿਦੇਸ਼ ਮੰਤਰੀ ਬਲੰਕੇਨ ਨੇ ਅਪਣੇ ਬਿਆਨ ਵਿਚ ਕਿਹਾ ਕਿ ਇਹ ਕਦਮ ਨਸ਼ਾ ਤਸਕਰਾਂ ਦੀ ਕੌਮਾਂਤਰੀ ਸਪਲਾਈ ਲੜੀ ਅਤੇ ਵਿੱਤੀ ਨੈਟਵਰਕ ਦਾ ਲੱਕ ਤੋੜਨ ਵਿਚ ਅਮਰੀਕਾ ਦੇ ਲਈ ਮਦਦਗਾਰ ਸਾਬਤ ਹੋਵੇਗਾ।

ਵਿਭਾਗ ਦਾ ਕਹਿਣਾ ਹੈ ਕਿ ਉਹ ਚਾਰ ਚੀਨੀ ਰਸਾਇਣਕ ਕੰਪਨੀਆਂ ਅਤੇ ਇੱਕ ਵਿਅਕਤੀ ਚੁਐਨ ਫੈਟ ਯਿਪ ’ਤੇ ਪਾਬੰਦੀ ਲਗਾ ਰਿਹਾ ਹੈ। ਅਮਰੀਕਾ ਨੇ ਚੁਐਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਐਨਾਬੌਲਿਕ ਸਟੇਰਾਇਡ ਦਾ ਨਿਰਮਾਤਾ ਦੱਸਦੇ ਹੋਏ ਉਸ ਦੀ ਗ੍ਰਿਫਤਾਰੀ ਲਈ ਪੰਜ ਮਿਲੀਅਨ ਡਾਲਰ ਤੱਕ ਦੇ ਪੁਰਸਕਾਰ ਦੀ ਪੇਸ਼ਕਸ਼ ਕੀਤੀ ਸੀ।
ਟਰੇਜ਼ਰਲੀ ਵਿਭਾਗ ਨੇ ਕਿਹਾ ਕਿ ਚੁਐਨ ਅਤੇ ਉਸ ਦੀ ਕੰਪਨੀ ਵੁਹਾਨ ਯੁਆਨਚੇਂਗ ਗੋਂਗਚੁਆਂਗ ਟੈਕਨਾਲੌਜੀ ਕੰਪਨੀ ਲਿਮਟਿਡ ਚੀਨ ਅਤੇ ਹਾਂਗਕਾਂਗ ਤੋਂ ਬਾਹਰ ਕੰਮ ਕਰਦੀ ਹੈ ਅਤੇ ਬਿਟਕਵਾਇਨ ਜਿਹੀ ਕ੍ਰਿਪਟੋਕਰੰਸੀ ਦਾ ਇਸਤੇਮਾਲ ਫੈਂਟੇਨਾਈਲ, ਸਟੇਰੌਇਡ ਅਤੇ ਡਰੱਗ ਕੰਪਾਊਂਡ ਦੇ ਕੌਮਾਂਤਰੀ ਸ਼ਿਪਮੈਂਟ ਵਿਚ ਕਰਦੀ ਹੈ।

ਬਾਈਡਨ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਇਸ ਸਬੰਧ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸੌਖਾ ਹੈ ਕਿ ਜ਼ਿਆਦਾਤਰ ਨਸ਼ੀਲੇ ਪਦਾਰਥ ਚੀਨ ਤੋਂ ਆਉਂਦੇ ਹਨ ਅਤੇ ਸਾਡੇ ਲਈ ਉਸ ਪਾਸੇ ਸੰਕੇਤ ਭੇਜਣਾ ਮਹੱਤਵਪੂਰਣ ਸੀ। ਟਰੇਜ਼ਰੀ ਵਿਭਾਗ ਨੇ ਮੈਕਸਿਕੋ ਵਿਚ ਦੋ ਅਤੇ ਬਰਾਜ਼ੀਲ ਦੇ ਇੱਕ ਅਪਰਾਧਕ ਨਸ਼ਾ ਤਸਕਰਸਮੂਹ ’ਤੇ ਵੀ ਪਾਬੰਦੀ ਲਗਾਈ ਹੈ। ਇਨ੍ਹਾਂ ਪਾਬੰਦੀਆਂ ਦੇ ਤਹਿਤ ਚੁਐਨ ਅਤੇ ਇਨ੍ਹਾਂ ਸਮੂਹਾਂ ਨਾਲ ਜੁੜੀ ਸਾਰੀ ਜਾਇਦਾਦਾਂ ਬਲੌਕ ਕਰ ਦਿੱਤੀਆਂ ਗਈਆਂ।