India

ਕੋਰੋਨਾਵਾਇਰਸ ਕਾਰਨ ਹੋਲੇ-ਮਹੱਲੇ ‘ਤੇ ਕੀ ਅਸਰ ਪਿਆ ਹੈ,ਇੱਥੇ ਪੜ੍ਹੋ

ਚੰਡੀਗੜ੍ਹ-(ਪੁਨੀਤ ਕੌਰ) ਅੱਜ ਕੀਰਤਪੁਰ ਸਾਹਿਬ ਵਿੱਚ ਸਿੱਖਾਂ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਅਮਨ-ਸ਼ਾਂਤੀ ਨਾਲ ਸੰਪੂਰਨ ਹੋ ਗਿਆ ਹੈ। ਇਸ ਦਾ ਦੂਜਾ ਪੜਾਅ ਖ਼ਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਸ਼ੁਰੂ ਹੋ ਗਿਆ ਹੈ। ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ। ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਦੀ ਅਰਦਾਸ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ ਨੇ ਕੀਤੀ। ਇਸ ਉਪਰੰਤ ਹੁਕਮਨਾਮਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਲਿਆ।

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਰਘਬੀਰ ਸਿੰਘ ਜੀ ਨੇ ਕਿਹਾ ਹੈ ਕਿ ਕਰੋਨਾਵਾਇਰਸ ਬਾਰੇ ਲੋਕ ਅਫਵਾਹਾਂ ਵਿੱਚ ਨਾ ਆਉਣ ਅਤੇ ਹੋਲੇ-ਮਹੱਲੇ ਮੌਕੇ ਵੱਧ-ਚੜ੍ਹ ਕੇ ਗੁਰੂ ਘਰਾਂ ਦੇ ਦਰਸ਼ਨ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਦੂਸਰੇ ’ਤੇ ਬਨਾਉਟੀ ਰੰਗ ਪਾਉਣ ਦੀ ਬਜਾਏ ਪ੍ਰਭੂ ਦੇ ਨਾਮ ਤੇ ਸਿਮਰਨ ਦੇ ਰੰਗ ਵਿੱਚ ਆਪਣੇ-ਆਪ ਨੂੰ ਰੰਗ ਕੇ ਜੀਵਨ ਸਫ਼ਲਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਲੰਗਰਾਂ ਵਿੱਚ ਥਰਮਾਕੋਲ ਨਾਲ ਬਣੇ ਬਰਤਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਕੀਰਤਪੁਰ ਸਾਹਿਬ ਵਿਖੇ ਅੱਜ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਵਹੀਰਾਂ ਘੱਤ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ।

ਮੀਂਹ ਤੇ ਕਰੋਨਾਵਾਇਰਸ ਕਾਰਨ ਸੰਗਤ ਦੀ ਆਮਦ ਘਟੀ

ਕੀਰਤਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦਾ ਮੇਲਾ ਸ਼ੁਰੂ ਹੋਣ ਤੋਂ ਲੈ ਕੇ ਖ਼ਤਮ ਹੋਣ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ,ਜਿਸ ਕਾਰਨ ਸੰਗਤ ਦੀ ਆਮਦ ਘੱਟ ਰਹੀ। ਮੇਲੇ ਵਿੱਚ ਸੰਗਤ ਦੀ ਆਮਦ ਘਟਣ ਦਾ ਮੁੱਖ ਕਾਰਨ ਦੇਸ਼ ਭਰ ਵਿੱਚ ਫੈਲੇ ਕਰੋਨਾਵਾਇਰਸ ਦਾ ਡਰ ਸਮਝਿਆ ਜਾ ਰਿਹਾ ਹੈ। ਮੈਨੇਜਰ ਬਲਵਿੰਦਰ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਕਰਕੇ ਸੰਗਤ ਘੱਟ ਗਈ ਹੈ। ਇੱਕ ਅਨੁਮਾਨ ਮੁਤਾਬਿਕ ਪਿਛਲੇ ਸਾਲਾਂ ਦੇ ਮੁਕਾਬਲੇ 40 ਫੀਸਦੀ ਸੰਗਤ ਘੱਟ ਆਈ ਹੈ। ਸੰਗਤਾਂ ਦੀ ਆਮਦ ਘਟਣ ਕਾਰਨ ਇੱਥੋਂ ਦੇ ਦੁਕਾਨਦਾਰ ਵੀ ਨਿਰਾਸ਼ ਹਨ।

ਵਿਰਾਸਤ-ਏ- ਖ਼ਾਲਸਾ ਬਣਿਆ ਖਿੱਚ ਦਾ ਕੇਂਦਰ

ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ, ਪਰ ਕੌਮੀ ਤਿਉਹਾਰ ਹੋਲੇ-ਮਹੱਲੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਵਾਸਤੇ ਬਰਸਾਤ ਦੇ ਬਾਵਜੂਦ ਵਿਸ਼ਵ ਪ੍ਰਸਿੱਧ ਵਿਰਾਸਤ-ਏ- ਖ਼ਾਲਸਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨੂੰ ਵੇਖਣ ਲਈ ਪਹੁੰਚੀ ਸੰਗਤ ਵਰ੍ਹਦੇ ਮੀਂਹ ਵਿੱਚ ਵੀ ਲੰਮੀਆਂ ਕਤਾਰਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ ਕਰਦੀ ਵੇਖੀ ਗਈ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸਨ ਦੀ ਹਦਾਇਤ ’ਤੇ ਸੰਗਤ ਦੀ ਸਹੂਲਤ ਲਈ ਵਿਰਾਸਤ-ਏ- ਖ਼ਾਲਸਾ ਵੇਖਣ ਲਈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਰ ਦਿੱਤਾ ਗਿਆ ਹੈ ਤੇ ਹੋਲੇ ਮਹੱਲੇ ਕਰਕੇ ਵਿਰਾਸਤ-ਏ-ਖਾਲਸਾ ਖ਼ਾਲਸਾ ਸੋਮਵਾਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸੰਗਤਾਂ ਵਾਸਤੇ ਖੋਲ੍ਹੇ ਜਾਣ ਦਾ ਫੈ਼ਸਲਾ ਲਿਆ ਗਿਆ ਹੈ।

ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਵਿਸ਼ੇਸ਼ ਹਦਾਇਤਾਂ

ਕੋਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹੋਲੇ ਮਹੱਲੇ ’ਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸੰਗਤਾਂ ਦੀ ਸਿਹਤ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਹਰੇਕ ਵਾਹਨਾਂ ਦੀ ਨਾਕਿਆਂ ’ਤੇ ਚੈਕਿੰਗ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਸੰਗਤਾਂ ਨੂੰ ਇੱਕ-ਦੂਸਰੇ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਸ਼੍ਰੀ ਆਨੰਦਪੁਰ ਸਾਹਿਬ ਵਿਖੇ ਥੋੜ੍ਹਾ ਸਮਾਂ ਠਹਿਰਣ ਅਤੇ ਰਾਤ ਨਾ ਰਹਿਣ ਦੀ ਬੇਨਤੀ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੇਰ ਸ਼ਾਮ ਦੱਸਿਆ ਕਿ ਇਨ੍ਹਾਂ ਨਾਕਿਆਂ ਦਾ ਉਦੇਸ਼ ਹੋਲੇ-ਮਹੱਲੇ ’ਤੇ ਆਉਣ ਵਾਲੀਆਂ ਸੰਗਤਾਂ ਨੂੰ ਪੂਰਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵਾਹਨ ਦਾ ਨੰਬਰ ਤੇ ਸੰਗਤ ਕਿੱਥੋਂ ਆਈ ਹੈ, ਇਸ ਬਾਰੇ ਜਾਣਕਾਰੀ ਨੋਟ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਨਾਕੇ ’ਤੇ ਮੌਜੂਦ ਮੈਡੀਕਲ ਟੀਮ ਵੱਲੋਂ ਜੇਕਰ ਕਿਸੇ ਨੂੰ ਖਾਂਸੀ ਜਾਂ ਜੁਕਾਮ ਹੈ ਤਾਂ ਉਸ ਦੀ ਸਿਹਤ ਜਾਂਚ ਨੂੰ ਨਿਸ਼ਚਿਤ ਕੀਤਾ ਜਾਵੇਗਾ। ਜਿਹੜੇ ਸ਼ਰਧਾਲੂ ਇੱਕ ਫ਼ਰਵਰੀ ਤੋਂ ਬਾਅਦ ਵਿਦੇਸ਼ ਤੋਂ ਆਏ ਹਨ, ਉਨ੍ਹਾਂ ਦੀ ਵਿਸ਼ੇਸ਼ ਤੌਰ ’ਤੇ ਸਿਹਤ ਜਾਂਚ ਕੀਤੀ ਜਾਵੇਗੀ। ਜੇਕਰ ਸਿਹਤ ਜਾਂਚ ਦੌਰਾਨ ਕਿਸੇ ਵਿਅਕਤੀ ’ਚ ਕਰੋਨਾਵਾਇਰਸ ਦੇ ਵਿਸ਼ੇਸ਼ ਲੱਛਣ ਪਾਏ ਗਏ ਤਾਂ ਉਸ ਨੂੰ ਵਾਪਸ ਘਰ ਪਰਤਣ ਲਈ ਆਖਿਆ ਜਾਵੇਗਾ ਜਾਂ ਉਸ ਨੂੰ ਆਈਸੋਲੇਟ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਉਪਰੋਕਤ ਹਦਾਇਤਾਂ ਸੰਗਤ ਦੇ ਹਿਤ ਵਿੱਚ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤ ਨੂੰ ਬੇਨਤੀ ਕਰਦਿਆਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਉਪਰੋਕਤ ਕਦਮਾਂ ’ਚ ਸਹਿਯੋਗ ਦੇਣ ਦੀ ਮੰਗ ਕਰਦਿਆਂ ਵੱਡਾ ਇਕੱਠ ਨਾ ਕਰਨ, ਆਪਣੇ ਹੱਥਾਂ ਨੂੰ ਲੰਗਰ ਤੋਂ ਪਹਿਲਾਂ ਅਤੇ ਬਾਅਦ ’ਚ ਚੰਗੀ ਤਰ੍ਹਾਂ ਧੋਣ ਅਤੇ ਕਿਸੇ ਨਾਲ ਵੀ ਹੱਥ ਨਾ ਮਿਲਾਉਣ ਜਾਂ ਗਲਵੱਕੜੀ ਪਾਉਣ ਤੋਂ ਪ੍ਰਹੇਜ਼ ਰੱਖਣ ਦੀ ਅਪੀਲ ਕੀਤੀ ਹੈ।