Others

ਮੂਲ ਨਾਨਕਸ਼ਾਹੀ ਕੈਲੰਡਰ ’ਚ ਹੋਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ

ਚੰਡੀਗੜ੍ਹ-  ਮੂਲ ਨਾਨਕਸ਼ਾਹੀ ਕੈਲੰਡਰ ਦੇ 552 ਦੇ ਜਾਰੀ ਕੀਤੇ ਕੈਲੰਡਰ ਵਿੱਚ ਅੱਜ ਦਲ ਖਾਲਸਾ ਨੇ ਵੱਡੀ ਤਬਦੀਲੀ ਕੀਤੀ ਹੈ ਨਾਨਕਸ਼ਾਹੀ ਕੈਲੰਡਰ ਦੀ ਮੁੱਖ ਤਸਵੀਰ ਦੇ ਪਿਛੋਕੜ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਤਸਵੀਰ ਵੀ ਸ਼ਾਮਲ ਕਰ ਦਿੱਤੀ ਹੈ। ਜੋ ਸਿੱਖਾਂ ਲਈ ਖੁਸ਼ੀ ਦੀ ਗਲ ਹੈ। ਇਸ ਦੌਰਾਨ ਪਾਕਿਸਤਾਨੀ ਪੰਜਾਬ ਦੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ ਕੈਲੰਡਰ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਛਾਪੇ ਜਾਣ ’ਤੇ ਦਲ ਖਾਲਸਾ ਦੀ ਸ਼ਲਾਘਾ ਕੀਤੀ ਹੈ।

ਸਿੱਖ ਜਥੇਬੰਦੀ ਵੱਲੋਂ ਕੱਲ੍ਹ ਇਹ ਕੈਲੰਡਰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਚ ਜਾਰੀ ਕੀਤਾ ਗਿਆ ਸੀ। ਇਸ ਕੈਲੰਡਰ ਨੂੰ ਜਾਰੀ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਸੀ। ਇਹ ਕੈਲੰਡਰ ਗੁਰਦੁਆਰਾ ਕਰਤਾਰਪੁਰ ਲਾਂਘੇ ਨੂੰ ਸਮਰਪਿਤ ਸੀ। ਕੈਲੰਡਰ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ਗੈਰ ਹਾਜ਼ਰ ਸੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵਧੇਰੇ ਤਰਜੀਹ ਦਿੱਤੀ ਗਈ ਸੀ।

ਕੈਲੰਡਰ ਦੀ ਮੌਜੂਦਾ ਤਸਵੀਰ ਦੇ ਪਿਛੋਕੜ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ਸ਼ਾਮਲ ਕਰ ਦਿੱਤੀ ਗਈ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਕੈਲੰਡਰ ਵਿਚ ਤਬਦੀਲੀ ਮਗਰੋਂ ਇਸ ਨੂੰ ਨਵੇਂ ਸਿਰੇ ਤੋਂ ਛਪਵਾਇਆ ਗਿਆ ਹੈ। ਇਹ ਕੈਲੰਡਰ ਹੋਲੇ-ਮਹੱਲੇ ਸਮੇ ਆਨੰਦਪੁਰ ਵਿਖੇ ਸੰਗਤ ਵਿੱਚ ਵੰਡਿਆ ਜਾਵੇਗਾ,ਤੇ ਹੋਰ ਗੁਰਦੁਆਰਿਆਂ ਵਿਚ ਵੀ ਸੰਗਤਾਂ ਨੂੰ ਭੇਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੈਲੰਡਰ ਪਾਕਿਸਤਾਨ ਵਿਚ ਵੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਿਸਾਖੀ ਮੌਕੇ ਜਦੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਜਾਵੇਗਾ ਤਾਂ ਉਸ ਵੇਲੇ ਉਧਰ ਸੰਗਤ ਨੂੰ ਇਹ ਕੈਲੰਡਰ ਵੰਡਣ ਲਈ ਭੇਜੇ ਜਾਣਗੇ।

ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਿੱਖ ਜਥੇਬੰਦੀ ਨੇ ਸਿੱਖ ਕੈਲੰਡਰ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਇੰਨੀ ਤਰਜੀਹ ਦਿੱਤੀ ਹੈ। ਲਹਿੰਦੇ ਪੰਜਾਬ ਦੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਦੀ ਇਕ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਦਲ ਖਾਲਸਾ ਵੱਲੋਂ ਛਾਪੇ ਕੈਲੰਡਰ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਤਸਵੀਰ ਛਾਪੇ ਜਾਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਇਕ ਮਿਸਾਲ ਹੈ, ਕਿ ਜੋ ਵੀ ਇਨਸਾਨੀਅਤ ਨੂੰ ਜੋੜਨ ਲਈ ਕੰਮ ਕਰੇਗਾ, ਉਸ ਨੂੰ ਇਸੇ ਤਰ੍ਹਾਂ ਆਦਰ ਸਤਿਕਾਰ ਦਿੱਤਾ ਜਾਵੇਗਾ।