India

ਮੁੱਖ-ਮੰਤਰੀ ਦੇ ਸ਼ਹਿਰ ਵਿੱਚ ਬੇਰੁਜ਼ਗਾਰ ਅਧਿਆਪਕ ਬੁਰੀ ਤਰ੍ਹਾਂ ਕੁੱਟੇ,ਭਾਖੜਾ ਨਹਿਰ ‘ਤੇ ਪਹੁੰਚੇ

ਚੰਡੀਗੜ੍ਹ- (ਪੁਨੀਤ ਕੌਰ) ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਉੱਤੇ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ ਹੈ। ਇਹ ਅਧਿਆਪਕ ਨੌਕਰੀ ਦੀ ਮੰਗ ਕਰ ਰਹੇ ਸਨ। ਇਹ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਲਾਠੀਚਾਰਜ ਵਿੱਚ ਮਹਿਲਾ ਅਧਿਆਪਕਾਂ ਸਮੇਤ ਕਈ ਅਧਿਆਪਕ ਜ਼ਖ਼ਮੀ ਹੋਏ ਹਨ। ਪੰਜ ਜ਼ਖ਼ਮੀ ਅਧਿਆਪਕਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਬਾਅਦ ਵਿੱਚ ਇਹ ਅਧਿਆਪਕ ਭਾਖੜਾ ਨਹਿਰ ‘ਤੇ ਚਲੇ ਗਏ ਜਿੱਥੇ ਅਧਿਆਪਕਾਂ ਨੇ ਨਹਿਰ ਵਿੱਚ ਛਾਲ ਮਾਰਨ ਦੀ ਧਮਕੀ ਦਿੱਤੀ ਹੈ। ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਟੈੱਟ ਟੈਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀਆਂ ਨਹੀਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਛੇ ਮਹੀਨਿਆਂ ਤੋਂ ਸੰਗਰੂਰ ਵਿੱਚ ਧਰਨਾ ਲਾ ਕੇ ਬੈਠੇ ਹੋਏ ਹਨ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ। ਇਸ ਘਟਨਾ ਦੀ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਨਿੰਦਾ ਕੀਤੀ ਹੈ। ਪਟਿਆਲਾ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ,ਜੋ ਪਟਿਆਲਾ ਦੇ ਵੱਖ-ਵੱਖ ਸੰਘਰਸ਼ਾਂ ਵਿੱਚ ਵੀ ਸ਼ਾਮਿਲ ਹੁੰਦੇ ਹਨ,ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕੈਪਟਨ ਸਰਕਾਰ ‘ਤੇ ਵਾਅਦੇ ਨਾ ਪੂਰੇ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਨਾਲ ਧਰਨੇ ਦਾ ਸਮਰਥਨ ਦੇਣ ਬਾਰੇ ਵੀ ਕਿਹਾ।