‘ਦ ਖ਼ਾਲਸ ਬਿਊਰੋ:- ਅਮਰੀਕਾ ਨੇ ਰੂਸ ਵੱਲੋਂ ਤਿਆਰ ਕੀਤੀ ਗਈ ਵੈਕਸੀਨ Sputnik-V ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਨਸਾਨ ਤਾਂ ਦੂਰ ਦੀ ਗੱਲ, ਉਹ ਇਸ ਦਵਾਈ ਦੀ ਵਰਤੋਂ ਬਾਂਦਰਾਂ ਉੱਤੇ ਵੀ ਨਹੀਂ ਕਰਨਗੇ। ਰੂਸ ਦੀ ਵੈਕਸੀਨ ਨੂੰ ਅਮਰੀਕਾ ਨੇ ਅੱਧ-ਅਧੂਰਾ ਮੰਨਿਆ ਹੈ। ਅਮਰੀਕਾ ਨੇ ਇਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ।
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲੇ ਮੈਕਨੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ਦੇ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੀਕੇ ਨੂੰ ਸਖ਼ਤ ਤੀਜੇ ਟੈਸਟਿੰਗ ਪੜਾਅ ਅਤੇ ਉੱਚ ਮਿਆਰਾਂ ਵਿੱਚੋਂ ਲੰਘਣਾ ਪਵੇਗਾ। ਰੂਸ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਕੋਰੋਨਾ ਵਾਇਰਸ ਟੀਕੇ ਨਾਲ ਜੁੜੀ ਜਾਣਕਾਰੀ ਅਮਰੀਕਾ ਨਾਲ ਸਾਂਝੇ ਕਰਨ ਲਈ ਤਿਆਰ ਹੈ।
ਰੂਸ ਨੇ ਕਿਹਾ ਕਿ ਉਹ ਅਮਰੀਕੀ ਦਵਾਈ ਕੰਪਨੀਆਂ ਨੂੰ ਅਮਰੀਕਾ ਵਿੱਚ ਹੀ ਰੂਸੀ ਟੀਕਾ ਬਣਾਉਣ ਦੀ ਆਗਿਆ ਦੇਣ ਲਈ ਤਿਆਰ ਹੈ। ਰੂਸ ਨੇ ਕੁੱਝ ਯੂਐੱਸ ਦਵਾਈ ਕੰਪਨੀਆਂ ਵੱਲੋਂ ਰੂਸ ਦੇ ਟੀਕੇ ਬਾਰੇ ਜਾਣਨ ਵਿੱਚ ਦਿਲਚਸਪੀ ਲੈਣ ਦਾ ਦਾਅਵਾ ਕੀਤਾ ਹੈ। ਇੱਕ ਰੂਸੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਰੂਸ ਦੀ ਵੈਕਸੀਨ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਰੂਸ ਨੇ ਅਮਰੀਕਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇ ਸਾਡੀ ਵੈਕਸੀਨ ਕੋਰੋਨਾ ਵਿਸ਼ਾਣੂ ਵਿਰੁੱਧ ਪ੍ਰਭਾਵਸ਼ਾਲੀ ਸਾਬਿਤ ਹੋਈ ਤਾਂ ਅਮਰੀਕਾ ਨੂੰ ਇਸ ਵਿਕਲਪ ਨੂੰ ਲੱਭਣ ਦੀ ਗੰਭੀਰਤਾ ਨਾਲ ਕੋਸ਼ਿਸ਼ ਨਾ ਕਰਨ ਲਈ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
11 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਵੱਲੋਂ ਦੁਨੀਆ ਦਾ ਪਹਿਲਾ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਸੀ। ਅਮਰੀਕਾ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨੇ ਰੂਸ ਦੇ ਦਾਅਵੇ ‘ਤੇ ਸਵਾਲ ਚੁੱਕੇ ਹਨ।