ਫਿਰੋਜਪੁਰ : ਜ਼ੀਰਾ ਮੋਰਚੇ ਦੇ ਸ਼ੁਰੂ ਹੋਣ ਤੋਂ ਕਈ ਮਹੀਨਿਆਂ ਦੇ ਮਗਰੋਂ ਇਥੇ ਚੱਲ ਰਹੀ ਸ਼ਰਾਬ ਫ਼ੈਕਟਰੀ ਦੇ ਪ੍ਰਬੰਧਕਾਂ ਨੇ ਆਪਣੀ ਚੁੱਪੀ ਤੋੜੀ ਹੈ ਤੇ ਮੀਡੀਆ ਸਾਹਮਣੇ ਆ ਕੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਹੋਣ ਲਈ ਕਹਿ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਫ਼ੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਪਵਨ ਬਾਂਸਲ ਨੇ ਧਰਨਾਕਾਰੀਆਂ ਦੀ ਚੁਣੌਤੀ ਨੂੰ ਕਬੂਲ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਅਤੇ ਬਾਕੀ ਪ੍ਰਬੰਧਕ ਆਪਣੇ ਪਰਿਵਾਰਾਂ ਸਮੇਤ ਉਹ ਪਾਣੀ ਪੀਣ ਵਾਸਤੇ ਤਿਆਰ ਹਨ, ਜਿਹੜਾ ਪਾਣੀ ਪਿੰਡ ਵਾਸੀ ਪੀ ਰਹੇ ਹਨ।
ਫ਼ੈਕਟਰੀ ਦਾ ਗੰਦਾ ਪਾਣੀ ਜ਼ਮੀਨ ਹੇਠਾਂ ਸੁੱਟੇ ਜਾਣ ਦੀ ਗੱਲ ਤੋਂ ਵੀ ਉਹਨਾਂ ਪੱਲਾ ਝਾੜਿਆ ਹੈ ਤੇ ਕਿਹਾ ਹੈ ਕਿ ਹਰ ਤਰਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਉਹ ਤਿਆਰ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਫ਼ੈਕਟਰੀ ਖ਼ਿਲਾਫ਼ ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂ ਕਿ 15 ਸਾਲ ਤੋਂ ਚੱਲ ਰਹੀ ਇਸ ਫੈਕਟਰੀ ‘ਚ ਹਰ ਛੇ ਮਹੀਨੇ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਆ ਕੇ ਚੈੱਕ ਕਰਦੀ ਹੈ ਅਤੇ ਫ਼ੈਕਟਰੀ ਅੰਦਰੋਂ ਹੁਣ ਤੱਕ ਦੇ ਲਏ ਗਏ ਸਾਰੇ ਸੈਂਪਲ ਪਾਸ ਹੋਏ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਫ਼ੈਕਟਰੀ ਤੋਂ ਰੋਜ਼ਾਨਾ ਸਵਾ ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਜਾ ਰਹੇ ਹਨ।
ਉਧਰ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਚਾਰ ਉੱਚ ਪੱਧਰੀ ਜਾਂਚ ਕਮੇਟੀਆਂ ਨੇ ਭਾਵੇਂ ਸ਼ਰਾਬ ਫ਼ੈਕਟਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਸਾਂਝੇ ਮੋਰਚੇ ਦੇ ਆਗੂ ਇਨ੍ਹਾਂ ਕਮੇਟੀਆਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਆਗੂਆਂ ਨੇ ਕਿਹਾ ਕਿ ਜਾਂਚ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਕਮੇਟੀਆਂ ਦਾ ਨੋਡਲ ਅਫ਼ਸਰ ਲਾਉਣ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਜਾਂਚ ਦੌਰਾਨ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਵੀ ਉਹਨਾਂ ਨੇ ਫ਼ੈਕਟਰੀ ਮਾਲਕਾਂ ‘ਤੇ ਲਾਇਆ ਹੈ। ਉਨ੍ਹਾਂ ਜਾਂਚ ਅਧਿਕਾਰੀਆਂ ਦੇ ਨਾਲ ਭਾਰੀ ਮਾਤਰਾ ਵਿੱਚ ਪੁਲੀਸ ਫ਼ੋਰਸ ਦੇ ਫ਼ੈਕਟਰੀ ਅੰਦਰ ਜਾਣ ’ਤੇ ਵੀ ਇਤਰਾਜ਼ ਦਾਇਰ ਕੀਤਾ ਹੈ।
ਹਾਲੇ ਕੱਲ ਹੀ ਇਕ ਦੁੱਖ ਭਰੀ ਖ਼ਬਰ ਵੀ ਇਸ ਇਲਾਕੇ ਤੋਂ ਆਈ ਸੀ ਕਿ ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਮਹਿਜ਼ 500 ਮੀਟਰ ਦੂਰ ਇੱਕ ਘਰ ਵਿੱਚ ਨੌਜਵਾਨ ਰਾਜਬੀਰ ਸਿੰਘ ਗਿੱਲ ਦੀ ਦੋਵੇਂ ਗੁਰਦੇ ਖ਼ਰਾਬ ਹੋਣ ਕਾਰਨ ਮੌਤ ਹੋ ਗਈ ਸੀ,ਜਿਸ ਦਾ ਜਿੰਮੇਵਾਰ ਪਰਿਵਾਰ ਦੇ ਮੈਂਬਰ ਅਤੇ ਪਿੰਡ ਵਾਸੀਆਂ ਨੇ ਫ਼ੈਕਟਰੀ ਨੂੰ ਠਹਿਰਾਇਆ ਹੈ। ਦੱਸਣ ਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਰਾਜਬੀਰ ਨੇ ਖ਼ੁਦ ਆਪਣੀ ਖ਼ਰਾਬ ਸਿਹਤ ਲਈ ਇਸ ਸ਼ਰਾਬ ਫ਼ੈਕਟਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਰਾਜਬੀਰ ਸਿੰਘ ਆਪਣੇ ਪਿਛੇ ਪਰਿਵਾਰ ਵਿੱਚ ਬਜ਼ੁਰਗ ਮਾਪਿਆਂ ਤੋਂ ਇਲਾਵਾ ਪਤਨੀ, ਛੇ ਸਾਲ ਦੇ ਪੁੱਤਰ ਅਤੇ ਚਾਰ ਮਹੀਨਿਆਂ ਦੀ ਬੇਟੀ ਨੂੰ ਛੱਡ ਗਿਆ ਹੈ।