‘ਦ ਖ਼ਾਲਸ ਬਿਊਰੋ : ਜ਼ੀਰਾ ਸਾਂਝਾ ਮੋਰਚਾ ਨੇ ਅੱਜ ਇੱਕ ਮੀਟਿੰਗ ਕਰਕੇ ਕੁਝ ਫੈਸਲੇ ਲਏ ਹਨ। ਮੋਰਚੇ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਫੈਸਲੇ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਹੈ ਕਿ ਸ਼ਰਾਬ ਫੈਕਟਰੀ ਪੂਰਨ ਤੌਰ ਉੱਤੇ ਬੰਦ ਹੋਵੇਗੀ। ਮੋਰਚੇ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਦਰਜ ਹੋਏ ਕੇਸ ਵਾਪਸ ਲਏ ਜਾਣ।
ਮੋਰਚੇ ਨੇ ਸ਼ਰਾਬ ਫੈਕਟਰੀ ਕਾਰਨ ਦੋ ਵਿਅਕਤੀਆਂ ਰਾਜਵੀਰ ਸਿੰਘ ਅਤੇ ਬੂਟਾ ਸਿੰਘ ਦੀ ਹੋਈ ਮੌਤ ਲਈ ਸਰਕਾਰ ਨੂੰ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ ਹੈ। ਸ਼ਰਾਬ ਫੈਕਟਰੀ ਦੇ ਮਜ਼ਦੂਰ, ਜਿਨ੍ਹਾਂ ਦਾ ਰੁਜ਼ਗਾਰ ਫੈਕਟਰੀ ਬੰਦ ਹੋਣ ਕਰਕੇ ਚਲਾ ਗਿਆ ਹੈ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਖੰਡ ਮਿੱਲ ਸ਼ੁਰੂ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਉੱਤੇ ਨੌਕਰੀ ਦੇਣ ਦੀ ਅਪੀਲ ਵੀ ਕੀਤੀ ਹੈ।
ਮੋਰਚੇ ਨੇ ਹੋਰ ਵੀ ਮੰਗਾਂ ਰੱਖਦਿਆਂ ਕਿਹਾ ਕਿ ਫੈਕਟਰੀ ਕਰਕੇ ਸਾਡੇ ਪਿੰਡਾਂ ਦਾ ਪਾਣੀ ਜੋ ਗੰਦਾ ਹੋਇਆ ਹੈ, ਉਸਦਾ ਹਰਜ਼ਾਨਾ ਵੀ ਭਰਿਆ ਜਾਵੇ। ਮੋਰਚੇ ਨੇ ਇਲਾਕੇ ਦੇ ਲਈ ਹਸਪਤਾਲ ਦੀ ਵੀ ਮੰਗ ਕੀਤੀ ਹੈ।