ਜ਼ੀਰਾ : ਸਾਂਝਾ ਮੋਰਚਾ ਜੀਰਾ ਵਲੋਂ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਿੰਡ ਮਹੀਆਂ ਵਾਲਾ ਵਿੱਖੇ ਪਾਏ ਗਏ ਹਨ। ਪਿੰਡ ਦੇ ਹੀ ਭਗਤ ਦੂਨੀ ਚੰਦ ਖੇਡ ਸਟੇਡੀਅਮ ਵਿਖੇ ਅੱਜ ਇਹ ਸਮਾਗਮ ਚੱਲ ਰਹੇ ਹਨ।
ਮਿੱਥੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ, ਉਪਰੰਤ ਕੀਰਤਨ ਦਰਬਾਰ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਸਟੇਜ਼ ਸਜੇਗੀ ਤੇ ਭਾਰੀ ਇਕੱਠਾ ਹੋਵੇਗਾ। ਜਿਸ ਦਾ ਸੱਦਾ ਕਮੇਟੀ ਵੱਲੋਂ ਪੂਰੇ ਪੰਜਾਬ ਨੂੰ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਇਸੇ ਪਿੰਡ ਦੇ ਇੱਕ ਗੁਰੂਘਰ ਵਿੱਚੋਂ ਬੋਰ ਵਿੱਚੋਂ ਗੰਦਾ ਪਾਣੀ ਨਿਕਲਿਆ ਸੀ ਤੇ ਇਹ ਮਾਮਲਾ ਸਾਰਿਆਂ ਦੇ ਸਾਹਮਣੇ ਆਇਆ ਸੀ ਕਿ ਫੈਕਟਰੀ ਵੱਲੋਂ ਧਰਤੀ ਹੇਠਲੇ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾਇਆ ਜਾ ਰਿਹਾ ਹੈ ਤੇ ਫਿਰ ਇਥੋਂ ਹੀ ਇਸ ਮੋਰਚੇ ਦੀ ਸ਼ੁਰੂਆਤ ਹੋਈ ਸੀ। ਇਸੇ ਜਗਾ ਤੇ ਅੱਜ ਸ਼ੁਕਰਾਨੇ ਵਜੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਹਨ।
ਉਧਰ ਜ਼ੀਰਾ ਸ਼ਰਾਬ ਫੈਕਟਰੀ ਬਾਹਰ ਧਰਨਾ ਹਾਲੇ ਵੀ ਜਾਰੀ ਹੈ। ਅੱਜ ਹੋਣ ਵਾਲੇ ਇਕੱਠ ਲਈ ਸਾਂਝੇ ਮੋਰਚੇ ਨੇ ਪੰਜਾਬ ਭਰ ਤੋਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ। ਮੋਰਚਾ ਪਹਿਲਾਂ ਹੀ ਇਹ ਗੱਲ ਸਾਫ ਕਰ ਚੁੱਕਾ ਹੈ ਕਿ ਮੰਗਾਂ ਨਾ ਮੰਨੇ ਜਾਣ ਤੱਕ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਫੈਕਟਰੀ ਮਾਲਕ ‘ਤੇ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ ਹੈ ।