ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਇਲੈਕਟ੍ਰਿਕ ਕਾਰਾਂ ਦੀ ਖ਼ਰੀਦ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। 21 ਸਾਲ ਤੋਂ 70 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਈਵੀ ਲੋਨ ਲਈ ਅਪਲਾਈ ਕਰ ਸਕਦਾ ਹੈ। ਤੁਸੀਂ 3 ਤੋਂ 8 ਸਾਲਾਂ ਲਈ ਆਸਾਨ ਕਿਸ਼ਤਾਂ ‘ਤੇ ਲੋਨ ਲੈ ਸਕਦੇ ਹੋ।
ਖ਼ਾਸ ਗੱਲ ਇਹ ਹੈ ਕਿ ਆਮ ਆਟੋ ਲੋਨ ਦੇ ਮੁਕਾਬਲੇ ਈਵੀ ਕਾਰ ਲੋਨ ਦੇ ਵਿਆਜ ‘ਤੇ 0.25 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਇਕ ਹੋਰ ਵੱਡੀ ਗੱਲ ਇਹ ਹੈ ਕਿ ਤੁਸੀਂ ਕਾਰ ਦੀ ਆਨ-ਰੋਡ ਕੀਮਤ ਦੇ 90 ਪ੍ਰਤੀਸ਼ਤ ਤੱਕ ਕਰਜ਼ਾ ਲੈ ਸਕਦੇ ਹੋ। ਕੁਝ ਵਿਸ਼ੇਸ਼ ਮਾਡਲਾਂ ‘ਤੇ 100% ਵਿੱਤੀ ਸਹੂਲਤ ਦਿੱਤੀ ਜਾ ਰਹੀ ਹੈ। ਮਤਲਬ ਕਿ ਤੁਸੀਂ ਖ਼ਾਲੀ ਜੇਬਾਂ ‘ਚ ਵੀ ਕਾਰ ਖ਼ਰੀਦ ਸਕਦੇ ਹੋ।
ਸਟੇਟ ਬੈਂਕ ਆਫ਼ ਇੰਡੀਆ ਇਸ ਸਮੇਂ ਆਮ ਕਾਰਾਂ ‘ਤੇ 8.85 ਤੋਂ 9.80 ਫੀਸਦੀ ਦੀ ਵਿਆਜ ਦਰ ‘ਤੇ ਕਰਜ਼ਾ ਦੇ ਰਿਹਾ ਹੈ। ਇਲੈਕਟ੍ਰਿਕ ਕਾਰਾਂ ‘ਤੇ ਇਹ ਲੋਨ ਦਰ 8.75 ਤੋਂ 9.45 ਫੀਸਦੀ ਤੱਕ ਹੈ। SBI ਵੱਖ-ਵੱਖ ਆਮਦਨ ਸਮੂਹਾਂ ਦੇ ਲੋਕਾਂ ਨੂੰ ਵੱਖ-ਵੱਖ EV ਕਾਰ ਲੋਨ ਦਿੰਦਾ ਹੈ। ਜੇਕਰ ਤੁਸੀਂ ਇੱਕ ਸਰਕਾਰੀ ਕਰਮਚਾਰੀ ਹੋ ਅਤੇ ਤੁਹਾਡੀ ਤਨਖ਼ਾਹ ਘੱਟੋ-ਘੱਟ 3 ਲੱਖ ਰੁਪਏ ਸਾਲਾਨਾ ਹੈ, ਤਾਂ ਬੈਂਕ ਤੁਹਾਨੂੰ ਤੁਹਾਡੀ ਸ਼ੁੱਧ ਮਹੀਨਾਵਾਰ ਆਮਦਨ ਦਾ ਵੱਧ ਤੋਂ ਵੱਧ 48 ਗੁਣਾ ਕਾਰ ਲੋਨ ਦੇ ਸਕਦਾ ਹੈ। ਖੇਤੀ ਕਰਨ ਵਾਲੇ ਵਿਅਕਤੀ, ਜਿਨ੍ਹਾਂ ਦੀ ਸਾਲਾਨਾ ਆਮਦਨ ਘੱਟੋ-ਘੱਟ 4 ਲੱਖ ਰੁਪਏ ਹੈ, ਕੁੱਲ ਆਮਦਨ ਦਾ 3 ਗੁਣਾ ਕਰਜ਼ਾ ਲੈ ਸਕਦੇ ਹਨ। ਕਾਰੋਬਾਰੀ, ਪੇਸ਼ੇਵਾਰ ਅਤੇ ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲੇ ITR ਵਿੱਚ ਕੁੱਲ ਟੈਕਸ ਯੋਗ ਆਮਦਨ ਜਾਂ ਸ਼ੁੱਧ ਲਾਭ ਦਾ 4 ਗੁਣਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ।
ਜੇਕਰ ਤੁਸੀਂ ਇੱਕ ਤਨਖ਼ਾਹਦਾਰ ਕਰਮਚਾਰੀ ਹੋ ਅਤੇ ਇਲੈਕਟ੍ਰਿਕ ਕਾਰ ਲਈ ਲੋਨ ਲੈਣ ਜਾ ਰਹੇ ਹੋ, ਤਾਂ ਤੁਹਾਡੇ ਕੋਲ ਪਿਛਲੇ 6 ਮਹੀਨਿਆਂ ਦੇ ਬੈਂਕ ਖਾਤੇ ਦੇ ਵੇਰਵੇ ਹੋਣੇ ਚਾਹੀਦੇ ਹਨ। ਦੋ ਪਾਸਪੋਰਟ ਸਾਈਜ਼ ਫ਼ੋਟੋਆਂ, ਪਛਾਣ ਦਾ ਸਬੂਤ, ਪਤੇ ਦਾ ਸਬੂਤ ਆਦਿ ਦਸਤਾਵੇਜ਼ ਹੋਣੇ ਚਾਹੀਦੇ ਹਨ। ਇਹੀ ਗੱਲਾਂ ਨਿੱਜੀ ਖੇਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਖੇਤੀ ਨਾਲ ਜੁੜੇ ਲੋਕਾਂ ‘ਤੇ ਵੀ ਲਾਗੂ ਹੁੰਦੀਆਂ ਹਨ।