ਬਿਊਰੋ ਰਿਪੋਰਟ : ਗਰਮੀਆਂ ਦੇ ਮੌਸਮ ਨਾਲ ਹੀ ਅੰਬ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਅੰਬ ਦੀਆਂ ਐਨੀਆਂ ਕਿਸਮਾਂ ਹਨ, ਜਿਨ੍ਹਾਂ ਦਾ ਨਾਂ ਯਾਦ ਰੱਖਣਾ ਬਹੁਤ ਮੁਸ਼ਕਿਲ ਹੈ। ਸ਼ਾਇਦ ਹੀ ਕੋਈ ਅਜਿਹਾ ਸ਼ਖ਼ਸ ਹੋਵੇ ਜਿਸ ਨੂੰ ਅੰਬ ਨਾ ਪਸੰਦ ਹੋਵੇ ਪਰ ਅੱਜ ਅਸੀਂ ਜਿਸ ਅੰਬ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਹੈ ਅਤੇ ਇਹ ਭਾਰਤ ਵਿੱਚ ਲੱਗੇ ਇਸਦੇ ਇੱਕ ਦਰੱਖ਼ਤ ਤੋਂ ਫਲ ਮਿਲ ਰਿਹਾ ਹੈ। ਯਕੀਨ ਮੰਨੋ ਇਸ ਦਾ ਰੇਟ ਜਾਣ ਤੇ ਤੁਹਾਡੇ ਪੈਰਾ ਹੇਠਾਂ ਜ਼ਮੀਨ ਖਿਸਕ ਜਾਵੇਗੀ ।
ਪੱਛਮੀ ਬੰਗਾਲ ਦੇ ਦੁਬਰਾਜਪੁਰ ਵਿੱਚ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ‘ਮਿਯਾਜਾਕੀ’ ਮਿਲਿਆ ਹੈ। ਸਥਾਨਕ ਮਸਜਿਦ ਵਿੱਚ ਲੱਗੇ ਇਸ ਅੰਬ ਨੂੰ ਸ਼ੁੱਕਰਵਾਰ ਅਧਿਕਾਰੀਆਂ ਨੇ ਨਿਲਾਮੀ ਦੇ ਲਈ ਰੱਖਿਆ ਸੀ। ਇਸ ਦੀ ਨਿਲਾਮੀ ਨਾਲ ਉਨ੍ਹਾਂ ਨੇ ਲੱਖਾਂ ਰੁਪਏ ਕਮਾਏ। ਆਮ ਤੌਰ ‘ਤੇ ਜਾਪਾਨ ਵਿੱਚ ਪਾਏ ਜਾਣ ਵਾਲੇ ਇਸ ਅੰਬ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 2 ਲੱਖ 70 ਹਜ਼ਾਰ ਰੁਪਏ ਕਿੱਲੋ ਹੁੰਦੀ ਹੈ। 1 ਅੰਬ 10 ਤੋਂ 15 ਹਜ਼ਾਰ ਰੁਪਏ ਵਿੱਚ ਵਿਕਦਾ ਹੈ ।
ਬਾਹਰ ਗਿਆ ਸਥਾਨਕ ਵਿਅਕਤੀ ਪੌਦਾ ਲੈ ਕੇ ਆਇਆ
ਸਇਅਦ ਸੋਨਾ ਨਾਂ ਦਾ ਵਿਅਕਤੀ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ,ਉਹ ਉੱਥੋਂ ਇੱਕ ਮਿਯਾਜਾਕੀ ਦਾ ਪੌਦਾ ਲੈ ਕੇ ਆਇਆ ਸੀ ਜਿਸ ਨੂੰ ਉਸ ਨੇ ਮਸਜਿਦ ਵਿੱਚ ਲਗਾਇਆ ਸੀ,ਹੁਣ ਉਹ ਪੌਦਾ ਦਰੱਖਤ ਬਣ ਗਿਆ ਹੈ ਅਤੇ ਉਸ ‘ਤੇ 8 ਅੰਬ ਲੱਗੇ ਹੋਏ ਹਨ। ਮਿਯਾਜਾਕੀ ਅੰਬ ਦਾ ਵਜ਼ਨ 350 ਗਰਾਮ ਦੇ ਕਰੀਬ ਹੁੰਦਾ ਹੈ, ਇਸ ਤਰ੍ਹਾਂ ਦੇ ਅੰਬ ਦੀ ਫ਼ਸਲ ਅਪ੍ਰੈਲ ਤੋਂ ਅਗਸਤ ਤੱਕ ਹੁੰਦੀ ਹੈ,ਪੱਕਣ ਦੇ ਸ਼ੁਰੂਆਤੀ ਦੌਰ ਵਿੱਚ ਇਸ ਦਾ ਰੰਗ ਬੈਂਗਣੀ ਹੁੰਦਾ ਹੈ, ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਇਹ ਗਹਿਰੇ ਲਾਲ ਰੰਗ ਵਿੱਚ ਬਦਲ ਜਾਂਦਾ ਹੈ।