Punjab

ਇਸ ਇਲਜ਼ਾਮ ‘ਚ ਨੌਜਵਾਨ ਨੂੰ ਪੁਲਿਸ ਨੇ ਚੁੱਕਿਆ ! ਫਿਰ ਅੰਜਾਮ ਦੇਖ ਕੇ ਪਰਿਵਾਰ ਦੇ ਹੱਥ ਪੈਰ ਫੁੱਲ ਗਏ !

ਗੁਰਦਾਸਪੁਰ : ਬਟਾਲਾ ਵਿੱਚ ਇੱਕ ਨੌਜਵਾਨ ਦੀ ਮੌਤ ਸਵਾਲਾਂ ਦੇ ਘੇਰੇ ਵਿੱਚ ਹੈ। ਘਰ ਵਾਲੇ ਦਾਅਵਾ ਕਰ ਰਹੇ ਹਨ ਕਿ ਪੁਲਿਸ ਦੀ ਹਿਰਾਸਤ ਵਿੱਚ ਪੁੱਤਰ ਦੀ ਮੌਤ ਹੋਈ ਹੈ ਜਦਕਿ ਪੁਲਿਸ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਦਰਅਸਲ ਬਟਾਲਾ ਦੇ ਕੋਟਲੀ ਸੂਰਤ ਮੱਲੀ ਦੇ ਪਿੰਡ ਧਾਰੋਵਾਲੀ ਵਿੱਚ 30 ਸਾਲ ਦੇ ਨੌਜਵਾਨ ਸੰਨੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਉਸ ‘ਤੇ ਇਲਜ਼ਾਮ ਸੀ ਉਸ ਨੇ ਇੱਕ ਔਰਤ ਨੂੰ ਅਸ਼ਲੀਲ ਮੈਸੇਜ ਕੀਤੇ ਹਨ।
ਪੁਲਿਸ ਜਦੋਂ ਉਸ ਨੂੰ ਫੜਕੇ ਲੈ ਆਈ ਤਾਂ ਪਰਿਵਾਰ ਪਿੰਡ ਵਾਲਿਆਂ ਨੂੰ ਲੈ ਕੇ ਪਹੁੰਚ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦਾ ਫ਼ੈਸਲਾ ਕਰਵਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਭੇਜ ਦਿੱਤਾ ਗਿਆ,ਉਸ ਤੋਂ ਬਾਅਦ ਇੱਕ ਆਵਾਜ਼ ਆਈ ਅਤੇ ਸਭ ਕੁੱਝ ਖ਼ਤਮ ।

ਪਰਿਵਾਰ ਦਾ ਪੁਲਿਸ ‘ਤੇ ਇਲਜ਼ਾਮ

ਘਰ ਵਾਲਿਆਂ ਮੁਤਾਬਕ ਜਿਵੇਂ ਹੀ ਉਹ ਥਾਣੇ ਤੋਂ ਬਾਹਰ ਨਿਕਲੇ ਤਾਂ ਇੱਕ ਦਮ ਆਵਾਜ਼ ਆਈ, ਜਦੋਂ ਅੰਦਰ ਗਏ ਤਾਂ ਪੁੱਤਰ ਬੇਹੋਸ਼ ਸੀ, ਜਿਸ ਤੋਂ ਬਾਅਦ ਥਾਣੇ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਡੇਰਾ ਬਾਬਾ ਨਾਨਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੰਨੀ ਦਾ ਵਿਆਹ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਸਨ । ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ।

ਪੁਲਿਸ ਨੇ ਹਿਰਾਸਤ ਵਿੱਚ ਮੌਤ ਤੋਂ ਇਨਕਾਰ ਕੀਤਾ

ਰਵਿੰਦਰ ਸਿੰਘ DSP ਡੇਰਾ ਬਾਬਾ ਨਾਨਕ ਦੇ ਮੁਤਾਬਕ ਨੌਜਵਾਨ ਦੀ ਮੌਤ ਹਿਰਾਸਤ ਵਿੱਚ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਮ੍ਰਿਤਕ ਦਾ ਪਰਿਵਾਰ ਅਤੇ ਇਲਜ਼ਾਮ ਲਗਾਉਣ ਵਾਲੀ ਦੂਜੀ ਪਾਰਟੀ ਨੂੰ ਥਾਣੇ ਗੱਲਬਾਤ ਦੇ ਲਈ ਬੁਲਾਇਆ ਗਿਆ ਸੀ । ਇਸ ਦੌਰਾਨ ਮ੍ਰਿਤਕ ਸੰਨੀ ਦੇ ਫ਼ੋਨ ਵਿੱਚ ਇੱਕ ਨੰਬਰ ਮਿਲਿਆ ਜਿਸ ਤੋਂ ਉਸ ਨੇ ਸ਼ਿਕਾਇਤ ਕਰਨ ਵਾਲੀ ਔਰਤ ਨੂੰ ਅਸ਼ਲੀਲ ਮੈਸੇਜ ਕੀਤੇ ਸਨ । ਜਦੋਂ ਸੰਨੀ ਤੋਂ ਪੁੱਛ-ਗਿੱਛ ਹੋਈ ਤਾਂ ਉਸ ਨੇ ਗ਼ੁੱਸੇ ਵਿੱਚ ਆਪਣਾ ਸਿਰ ਦਰਵਾਜ਼ੇ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਿਰ ‘ਤੇ ਸੱਟ ਪਹਿਲਾਂ ਹੀ ਲੱਗੀ ਹੋਈ ਸੀ,ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪਹੁੰਚਾਉਣ ਤੋਂ ਬਾਅਦ ਉਸ ਦੀ ਮੌਤ ਹੋਈ। ਮ੍ਰਿਤਕ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਸੰਨੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ।