India

ਉੱਤਰੀ ਭਾਰਤ ਦੇ ਇਸ ਸ਼ਹਿਰ ਵਿੱਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ,ਸੜਕਾਂ ਹੋਈਆਂ ਆਵਾਜਾਈ ਲਈ ਬੰਦ

ਸ਼ਿਮਲਾ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ ਹੈ। ਅੱਜ ਹਿਮਾਚਲ ਦੇ ਨੌਂ ਜ਼ਿਲ੍ਹਿਆਂ ਵਿੱਚ ਪਿਛਲੇ 12 ਘੰਟਿਆਂ ਵਿੱਚ ਬਰਫਬਾਰੀ ਹੋਈ, ਜਿਸ ਨਾਲ ਲੰਬੇ ਸਮੇਂ ਤੋਂ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਸ਼ਿਮਲਾ ’ਚ ਰਾਤ ਨੂੰ ਬਾਰਸ਼ ਹੋਈ, ਜਦਕਿ ਨੇੜਲੇ ਪਹਾੜੀ ਸਥਾਨਾਂ ਜਿਵੇਂ ਕੁਫਰੀ ਅਤੇ ਨਾਰਕੰਡਾ ‘ਚ 1 ਤੋਂ 2 ਇੰਚ ਤੱਕ ਬਰਫਬਾਰੀ ਹੋਈ।

ਮਨਾਲੀ ‘ਚ ਵੀ ਦੋ ਇੰਚ ਬਰਫਬਾਰੀ ਹੋਈ ਹੈ। ਧਰਮਸ਼ਾਲਾ ਅਤੇ ਚੰਬਾ ਸਮੇਤ ਕਈ ਥਾਵਾਂ ‘ਤੇ ਬਾਰਸ਼ ਹੋਈ। ਬਰਫਬਾਰੀ ਕਾਰਨ ਤਿੰਨ ਰਾਸ਼ਟਰੀ ਰਾਜ ਮਾਰਗਾਂ ਸਮੇਤ 200 ਸੜਕਾਂ ਆਵਾਜਾਈ ਲਈ ਬੰਦ ਹਨ। ਬਰਫਬਾਰੀ ਦੀ ਖ਼ਬਰ ਫੈਲਦੇ ਹੀ ਸੈਲਾਨੀਆਂ ਦੀ ਭੀੜ ਸ਼ਿਮਲਾ ਵੱਲ ਨੂੰ ਤੁਰ ਪਈ ਹੈ। ਬਰਫਬਾਰੀ ਨੇ ਹੋਟਲ ਮਾਲਕਾਂ ਲਈ ਵੀ ਖੁਸ਼ਹਾਲੀ ਲਿਆ ਦਿੱਤੀ ਹੈ ਜੋ ਠੰਢ ’ਚ ਚੰਗੇ ਕਾਰੋਬਾਰ ਦੀ ਉਮੀਦ ਕਰ ਰਹੇ ਹਨ।

ਉੱਧਰ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ‘ਚ ਅੱਜ ਤਾਜ਼ਾ ਬਰਫਬਾਰੀ ਅਤੇ ਬਾਰਸ਼ ਹੋਈ, ਜਿਸ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਅਤੇ ਘਾਟੀ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ‘ਤੇ ਅਸਰ ਪਿਆ। ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ ਹੈ, ਜਦਕਿ ਮੈਦਾਨੀ ਇਲਾਕਿਆਂ ਦੇ ਕਈ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ ਹੈ।