India International

ਵੱਡਾ ਐਲਾਨ – H-1B ਵੀਜ਼ਾ ਹੋਵੇਗਾ ਖ਼ਤਮ! ਭਾਰਤੀਆਂ ਲਈ ਵੱਡਾ ਝਟਕਾ

ਬਿਊਰੋ ਰਿਪੋਰਟ (15 ਨਵੰਬਰ, 2025): ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਨ ਤੋਂ ਕੁਝ ਦਿਨਾਂ ਬਾਅਦ ਹੀ, ਰਿਪਬਲਿਕਨ ਕਾਂਗਰਸ ਵੂਮੈਨ ਮਾਰਜਰੀ ਟੇਲਰ ਗ੍ਰੀਨ ਨੇ ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਇੱਕ ਬਿੱਲ ਪੇਸ਼ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਸਪਸ਼ਟ ਹੈ ਕਿ H-1B ਵੀਜ਼ਾ ਨੂੰ ਲੈ ਕੇ ਡੋਨਾਲਡ ਟਰੰਪ ਦਾ ਇੱਕ ਬਿਆਨ ਹੁਣ ਉਨ੍ਹਾਂ ਦੀ ਹੀ ਪਾਰਟੀ ਵਿੱਚ ਵਿਰੋਧ ਦਾ ਕਾਰਨ ਬਣ ਰਿਹਾ ਹੈ। ਟਰੰਪ ਨੇ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ H-1B ਵੀਜ਼ਾ ਪ੍ਰੋਗਰਾਮ ਦੀ ਲੋੜ ਦਾ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਕੋਲ ਟੈਕ ਅਤੇ ਰੱਖਿਆ ਖੇਤਰਾਂ ਵਿੱਚ ਕੁਝ ਅਹੁਦਿਆਂ ਲਈ ਲੋੜੀਂਦੀ ਘਰੇਲੂ ਪ੍ਰਤਿਭਾ ਨਹੀਂ ਹੈ। ਇਸ ਬਿਆਨ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸਾਬਕਾ ਖਜ਼ਾਨਾ ਸਕੱਤਰ ਸਕੌਟ ਬੇਸੈਂਟ ਨੇ ਕਿਹਾ ਕਿ ਟਰੰਪ ਦੀ ਯੋਜਨਾ ਹੈ ਕਿ ਵਿਦੇਸ਼ੀ ਲੋਕ ਆਉਣ, ਅਮਰੀਕੀ ਲੋਕਾਂ ਨੂੰ ਸਿਖਲਾਈ ਦੇਣ ਅਤੇ ਵਾਪਸ ਆਪਣੇ ਘਰ ਜਾਣ।

ਪਰ, ਰਿਪਬਲਿਕਨ ਕਾਂਗਰਸ ਵੂਮੈਨ ਮਾਰਜਰੀ ਟੇਲਰ ਗ੍ਰੀਨ ਨੇ ਹੁਣ ਇਸ ਵੀਜ਼ਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਕਾਮਿਆਂ ਦੇ ਹਿੱਤ ਵਿੱਚ H-1B ਪ੍ਰੋਗਰਾਮ ਨੂੰ ਪੜਾਅਵਾਰ ਢੰਗ ਨਾਲ ਖ਼ਤਮ ਕਰਨ ਲਈ ਇੱਕ ਬਿੱਲ ਪੇਸ਼ ਕਰ ਰਹੀ ਹੈ।

ਗ੍ਰੈਂਡ ਓਲਡ ਪਾਰਟੀ (GOP) ਦੀ ਆਗੂ ਮਾਰਜਰੀ ਟੇਲਰ ਗ੍ਰੀਨ ਨੇ ਅਮਰੀਕੀ ਕੰਪਨੀਆਂ ’ਤੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਕਰਕੇ ਅਮਰੀਕੀ ਕਾਮਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਐਕਸ’ (X) ’ਤੇ ਪੋਸਟ ਕਰਦਿਆਂ ਕਿਹਾ, ‘ਬਿੱਗ ਟੈਕ, ਏਆਈ ਕੰਪਨੀਆਂ, ਹਸਪਤਾਲਾਂ ਅਤੇ ਲਗਭਗ ਹਰ ਉਦਯੋਗ ਨੇ H-1B ਸਿਸਟਮ ਦੀ ਦੁਰਵਰਤੋਂ ਕਰਕੇ ਸਾਡੇ ਆਪਣੇ ਲੋਕਾਂ ਨੂੰ ਬਾਹਰ ਕਰ ਦਿੱਤਾ ਹੈ। ਅਮਰੀਕੀ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੋਕ ਹਨ ਅਤੇ ਮੈਨੂੰ ਅਮਰੀਕੀ ਲੋਕਾਂ ’ਤੇ ਪੂਰਾ ਵਿਸ਼ਵਾਸ ਹੈ। ਮੈਂ ਸਿਰਫ਼ ਅਮਰੀਕੀਆਂ ਦੀ ਸੇਵਾ ਕਰਦੀ ਹਾਂ ਅਤੇ ਹਮੇਸ਼ਾ ਅਮਰੀਕੀਆਂ ਨੂੰ ਪਹਿਲ ਦੇਵਾਂਗੀ (AFAO)।”

ਗ੍ਰੀਨ ਨੇ ਕਿਹਾ ਕਿ ਉਨ੍ਹਾਂ ਦਾ ਬਿੱਲ H-1B ਪ੍ਰੋਗਰਾਮ ਨੂੰ ਖ਼ਤਮ ਕਰਨ ਅਤੇ ਟੈਕਨਾਲੋਜੀ, ਹੈਲਥਕੇਅਰ, ਇੰਜੀਨੀਅਰਿੰਗ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਦਾ ਪ੍ਰਸਤਾਵ ਕਰਦਾ ਹੈ। ਉਨ੍ਹਾਂ ਲਿਖਿਆ, “ਮੇਰਾ ਬਿੱਲ ਭ੍ਰਿਸ਼ਟ H-1B ਪ੍ਰੋਗਰਾਮ ਨੂੰ ਖ਼ਤਮ ਕਰਦਾ ਹੈ ਅਤੇ ਟੈਕ, ਹੈਲਥਕੇਅਰ, ਇੰਜੀਨੀਅਰਿੰਗ, ਨਿਰਮਾਣ ਅਤੇ ਹਰ ਉਸ ਉਦਯੋਗ ਵਿੱਚ ਅਮਰੀਕੀਆਂ ਨੂੰ ਮੁੜ ਪਹਿਲਾ ਸਥਾਨ ਦਿੰਦਾ ਹੈ, ਜੋ ਇਸ ਦੇਸ਼ ਨੂੰ ਚਲਾਉਂਦੇ ਹਨ!”

ਗ੍ਰੀਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬਿੱਲ ਵਿੱਚ ਇੱਕ ਛੋਟ ਦਾ ਪ੍ਰਬੰਧ ਹੈ, ਜਿਸ ਤਹਿਤ ਹਰ ਸਾਲ ਡਾਕਟਰਾਂ ਅਤੇ ਨਰਸਾਂ ਵਰਗੇ ਮੈਡੀਕਲ ਪੇਸ਼ੇਵਰਾਂ ਲਈ 10,000 ਵੀਜ਼ੇ ਜਾਰੀ ਕੀਤੇ ਜਾ ਸਕਣਗੇ। ਹਾਲਾਂਕਿ, ਇਹ ਛੋਟ ਵੀ 10 ਸਾਲਾਂ ਵਿੱਚ ਹੌਲੀ-ਹੌਲੀ ਖ਼ਤਮ ਕਰ ਦਿੱਤੀ ਜਾਵੇਗੀ ਤਾਂ ਜੋ ਅਮਰੀਕੀ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਘਰੇਲੂ ਪਾਈਪਲਾਈਨ ਵਿਕਸਤ ਕਰਨ ਲਈ ਸਮਾਂ ਮਿਲ ਸਕੇ।