Punjab

ਅੰਮ੍ਰਿਤਪਾਲ ਸਿੰਘ ਨੂੰ ਕਿਉਂ ਦੱਸਿਆ ਦੇਸ਼ ਲਈ ਖ਼ਤਰਾ, ਕੇਂਦਰੀ ਏਜੰਸੀਆਂ ਦੀ ਰਿਪੋਰਟ ‘ਚ ਸਾਹਮਣੇ ਆਈ ਹੈਰਾਨਕੁਨ ਵਜ੍ਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ‘ਵਾਰਿਸ ਪੰਜਾਬ ਦੇ’ (Waris Punjab de) ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਇਨੀ ਦਿਨੀਂ ਪੰਜਾਬ (Punjab) ਵਿੱਚ ਕਾਫ਼ੀ ਚਰਚਾ ਵਿੱਚ ਹਨ। ਕੁਝ ਲੋਕ ਉਨ੍ਹਾਂ ਦਾ ਪੂਰਾ ਸਮਰਥਨ ਕਰ ਰਹੇ ਹਨ, ਪੰਥ ਦੇ ਦਰਦ ਦੀ ਆਵਾਜ਼ ਕਹਿ ਰਹੇ ਹਨ ਤਾਂ ਕੁਝ ਲੋਕ ਅੰਮ੍ਰਿਤਪਾਲ ਸਿੰਘ ਨੂੰ ਏਜੰਸੀਆਂ (Agencies) ਦਾ ਬੰਦਾ ਕਹਿ ਰਹੇ ਹਨ। ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਮੋਗਾ ਦੇ ਪਿੰਡ ਰੋਡਾ ਵਿਖੇ ਦਸਤਾਰਬੰਦੀ ਹੋਈ ਸੀ। ਦਸਤਾਰਬੰਦੀ ਮੌਕੇ ਅੰਮ੍ਰਿਤਪਾਲ ਸਿੰਘ ਨੇ ਪੰਥਕ ਮੁੱਦਿਆਂ ਉੱਤੇ ਤਿੱਖੀ ਤਕਰੀਰ ਵੀ ਦਿੱਤੀ ਸੀ। ਇਸ ਦੌਰਾਨ ਅੰਮ੍ਰਿਤਪਾਲ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ।

ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਸਮਝਾਇਆ ਆਜ਼ਾਦੀ ਅਤੇ ਗੁਲਾਮੀ ਦਾ ਫ਼ਰਕ

ਅੰਮ੍ਰਿਤਪਾਲ ਸਿੰਘ ਦੀ ਤਾਜਪੋਸ਼ੀ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿੱਚ ਦੇਸ਼ ਦੀ ਅਖੰਡਤਾ ਨੂੰ ਖਤਰਾ ਦੱਸਿਆ ਗਿਆ ਹੈ। ਹਾਲਾਂਕਿ, ‘ਦ ਖ਼ਾਲਸ ਟੀਵੀ ਇਸ ਰਿਪੋਰਟ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ ਹੈ। ਸੂਤਰਾਂ ਮੁਤਾਬਕ ਏਜੰਸੀ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਦੇ ਪ੍ਰੋਗਰਾਮ ‘ਵਾਰਿਸ ਪੰਜਾਬ ਦੇ’ ‘ਚ ਕਈ ਅਜਿਹੀਆਂ ਦੇਸ਼ ਵਿਰੋਧੀ ਗੱਲਾਂ ਕਹੀਆਂ ਗਈਆਂ ਹਨ, ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋਣ ਦੇ ਨਾਲ-ਨਾਲ ਦੇਸ਼ ਦੀ ਅਖੰਡਤਾ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ।

ਚੋਰੀ ਹੋਈ ਗੱਡੀ ਤੇ ਪਿਸਤੌਲ

ਇਸ ਪ੍ਰੋਗਰਾਮ ਦੌਰਾਨ ਪੁਲਿਸ ਨੂੰ ਇਹ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਪ੍ਰੋਗਰਾਮ ਦੌਰਾਨ ਸਵਿਫ਼ਟ ਗੱਡੀ ਵੀ ਚੋਰੀ ਹੋ ਗਈ ਹੈ ਅਤੇ ਇੱਕ ਨਿੱਜੀ ਸੁਰੱਖਿਆ ਮੁਲਾਜ਼ਮ ਦਾ ਪਿਸਤੌਲ ਵੀ ਚੋਰੀ ਹੋ ਗਿਆ ਹੈ। ਏਜੰਸੀਆਂ ਇਸ ‘ਤੇ ਡੂੰਘਾਈ ਨਾਲ ਕੰਮ ਕਰ ਰਹੀਆਂ ਹਨ।

ਏਜੰਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਗਰਮ ਖਿਆਲੀ ਹੋਣ ਦੇ ਨਾਲ-ਨਾਲ ਖਾਲਿਸਤਾਨੀ ਸਮਰਥਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ। ਇਸ ਲਈ ਅੰਮ੍ਰਿਤਪਾਲ ਨੂੰ ਜਥੇਬੰਦੀ ਦਾ ਆਗੂ ਥਾਪੇ ਜਾਣ ਉੱਤੇ ਲਗਾਤਾਰ ਵਿਵਾਦ ਬਣਿਆ ਹੋਇਆ ਹੈ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਦਿਆਂ ਕਿਹਾ ਕਿ ਉਸ ਦੀ ਦਸਤਾਰਬੰਦੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਗੂ ਥਾਪੇ ਜਾਣ ਤੋਂ ਬਾਅਦ ਸਰਕਾਰ ਘਬਰਾਈ ਹੋਈ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਬਿਆਨ ਨੌਜਵਾਨਾਂ ਨੂੰ ਵੰਗਾਰਨ ਵਾਲੇ ਹਨ।

ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਮੌਕੇ ਤਿੱਖੀ ਤਕਰੀਰ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਸੰਗਤ ਨਾਲ ਵਾਅਦਾ ਕਰਦਿਆਂ ਕਿਹਾ ਕਿ ਮੇਰੇ ਸਰੀਰ ਦੇ ਖੂਨ ਦਾ ਇਕੱਲਾ ਇਕੱਲਾ ਕਤਰਾ ਸਿੱਖ ਪੰਥ ਦੇ ਲਈ ਵਹੇਗਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਸਨੂੰ ਅੱਜ ਵੀ ਲੱਗ ਰਿਹਾ ਹੈ ਕਿ ਅਸੀਂ ਆਜ਼ਾਦ ਹਾਂ, ਉਸਨੂੰ ਹੋਸ਼ ਵਿੱਚ ਲਿਆਉਣ ਦੀ ਲੋੜ ਹੈ ਕਿਉਂਕਿ ਰੋਜ਼ ਸਾਡੀਆਂ ਪੱਗਾਂ ਸੜਕਾਂ ਉੱਤੇ ਉੱਤਰ ਰਹੀਆਂ ਹਨ, ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਜੇ ਗੁਲਾਮੀ ਲਾਹੁਣੀ ਹੈ ਤਾਂ ਸ਼੍ਰੀ ਅਨੰਦਪੁਰ ਸਾਹਿਬ ਘਰ ਵੜ ਜਾਉ। ਅੰਮ੍ਰਿਤਪਾਲ ਸਿੰਘ ਨੇ ਨਸਲਕੁਸ਼ੀ ਦਾ ਮਤਲਬ ਦੱਸਦਿਆਂ ਕਿਹਾ ਕਿ ਜੇ ਸ਼ੇਰਾਂ ਦੇ ਪੁੱਤਾਂ ਦੀਆਂ ਸ਼ਕਲਾਂ ਹਿਰਨਾਂ ਨਾਲ ਰਲਣ ਲੱਗ ਜਾਣ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਹੋ ਸਕਦੀ।

ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਮੁੜ ਤੋਂ ਅੰਮ੍ਰਿਤ ਛਕਣ ਦਾ ਹੋਕਾ ਦਿੰਦਿਆਂ ਨੌਜਵਾਨਾਂ ਤੋਂ ਗੁਰੂ ਨੂੰ ਸੀਸ ਦੇਣ ਦੀ ਅਪੀਲ ਕੀਤੀ। ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਗੁਰੂ ਸਾਹਿਬ ਜੀ ਅੱਗੇ ਮਰਨ ਲਈ ਕਿਹਾ ਹੈ ਭਾਵ ਆਪਣਾ ਸੀਸ ਗੁਰੂ ਅੱਗੇ ਭੇਟ ਕਰਨ ਲਈ ਕਿਹਾ ਹੈ। ਤੁਸੀਂ ਇੱਕ ਵਾਰ ਗੁਰੂ ਦੇ ਜਹਾਜ਼ ਵਿੱਚ ਚੜਨ ਦੀ ਖੇਚਲ ਕਰੋ, ਅਸੀਂ ਤੁਹਾਡੇ ਰਸਤੇ ਵਿੱਚ ਪਲਕਾਂ ਵਿਛਾ ਦੇਵਾਂਗੇ। ਅੰਮ੍ਰਿਤਪਾਲ ਸਿੰਘ ਨੇ ਵਿਦੇਸ਼ਾਂ ਨੂੰ ਜਾਣ ਵਾਲੇ ਨੌਜਵਾਨਾਂ ਨੂੰ ਹੋਕਾ ਦਿੰਦਿਆਂ ਕਿਹਾ ਕਿ ਬਾਹਰ ਜਾ ਕੇ ਤਾਂ ਇੱਥੇ ਨਾਲੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਇੱਥੇ ਤਾਂ ਫਿਰ ਵੀ ਦੋ ਚਾਰ ਮਿੰਟ ਵਿਹਲੇ ਬੈਠੇ ਜਾਈਦਾ ਹੈ। ਇਸ ਕਰਕੇ ਜੰਗ ਛੱਡ ਕੇ ਭੱਜਣਾ ਨਹੀਂ ਚਾਹੀਦਾ।

ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਕੌਮੀ ਸ਼ਹੀਦ ਹੈ। ਉਸਨੂੰ ਹਕੂਮਤ ਨੇ ਐਕਸੀਡੈਂਟ ਕਰਵਾ ਕੇ ਮਰਵਾਇਆ ਹੈ। ਜਿਹੜੇ ਮੈਨੂੰ ਕਹਿੰਦੇ ਹਨ ਕਿ ਤੁਸੀਂ ਸੰਤਾਂ ਵਰਗੇ ਬਣਨਾ ਚਾਹੁੰਦੇ ਹੋ ਤਾਂ ਹਾਂ ਅਸੀਂ ਸੰਤਾਂ ਵਰਗੇ ਬਣਨਾ ਚਾਹੁੰਦੇ ਹਾਂ। ਕਿਸੇ ਦੇ ਦਰਸਾਏ ਮਾਰਗ ਉੱਤੇ ਚੱਲਣਾ ਤੇ ਕਿਸੇ ਦੀ ਨਕਲ ਕਰਨਾ, ਦੋ ਵੱਖ ਵੱਖ ਗੱਲਾਂ ਹਨ। ਅਸੀਂ ਸੰਤਾਂ ਦੇ ਮਾਰਗ ਉੱਤੇ ਚੱਲਾਂਗੇ। ਮੈਂ ਸਟੇਜ ਤੋਂ ਆਖਰੀ ਵਾਰ ਕਹਿ ਰਿਹਾ ਹਾਂ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਾਂ। ਜੇ ਮੇਰੇ ਮਨ ਵਿੱਚ ਇਹੋ ਜਿਹਾ ਹੰਕਾਰ ਆਵੇ ਤਾਂ ਪਰਮਾਤਮਾ ਇਹ ਗੱਲ ਕਹਿਣ ਤੋਂ ਪਹਿਲਾਂ ਮੇਰੀ ਜ਼ੁਬਾਨ ਲੈ ਲੈਣ। ਇਸ ਤੋਂ ਬਾਅਦ ਕਿਸੇ ਵੀ ਮੀਡੀਆ ਵਾਲੇ ਨੇ ਮੈਨੂੰ ਇਹ ਸਵਾਲ ਨਹੀਂ ਕਰਨਾ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਸਾਡੇ ਲਈ ਹੁਣ ਆਮ ਗੱਲ ਹੋ ਗਈ ਹੈ ਕਿਉਂਕਿ ਹਕੂਮਤ ਨੇ ਲੋਕਾਂ ਦੇ ਲਈ ਆਮ ਗੱਲ ਬਣਾਉਣ ਦੇ ਲਈ ਹੀ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਗੁਰੂ ਘਰ ਵਿਖੇ 24 ਘੰਟੇ ਦੋ ਤਿਆਰ ਬਰ ਤਿਆਰ ਸਿੰਘ ਤਾਇਨਾਤ ਕਰਨ ਦੀ ਅਪੀਲ ਕੀਤੀ। ਹੁਣ ਜਿਸਨੇ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਹੁਣ ਸਿੰਘ ਸੋਧਾ ਲਾਉਣਗੇ। ਨਸ਼ਾ ਪੀਣ ਵਾਲੇ ਕਿਸੇ ਵੀ ਨੌਜਵਾਨ ਨਾਲ ਨਫ਼ਰਤ ਨਹੀਂ ਕਰਨੀ, ਉਸਦਾ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕਰਨੀ ਹੈ।