ਚੰਡੀਗੜ੍ਹ : ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਪੰਜਾਬ ਦੇ ਕਿਸਾਨ ਅਜੇ ਤੱਕ ਪਿਛਲੇ ਮੀਂਹ ਦੇ ਨੁਕਸਾਨ ਤੋਂ ਉਭਰ ਵੀ ਨਹੀਂ ਸਕੇ ਸਨ ਕਿ ਸੋਮਵਾਰ ਨੂੰ ਮੁੜ ਮੌਸਮ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ। ਪੰਜਾਬ ਵਿੱਚ ਕਈ ਥਾਂ ਹੋਈ ਗੜੇਮਾਰੀ ਦੇ ਨਾਲ ਭਾਰੀ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ (Wheat crop damage) ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਤੇਜ਼ ਮੀਂਹ ਅਤੇ ਹਵਾਵਾਂ ਕਾਰਨ ਵੀ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਪਰ ਦੂਜੇ ਪਾਸੇ ਹਾਲ ਤੱਕ ਸਰਕਾਰ ਵੱਲੋਂ ਕਿਸਾਨਾਂ ਦੀ ਬਾਂਹ ਫੜਣ ਦਾ ਕੋਈ ਐਲਾਨ ਨਹੀਂ ਕੀਤਾ।
ਨੁਕਸਾਨ ਦੇ ਵੇਰਵੇ ਲਈ ਟੀਮਾਂ ਦਾ ਗਠਨ
ਸੂਬੇ ਦੇ ਖੇਤੀਬਾੜੀ ਵਿਭਾਗ ਨੇ ਨੁਕਸਾਨ ਦੇ ਵੇਰੇਵੇ ਇਕੱਠੇ ਕਰਨ ਲਈ ਬਲਾਕ ਪੱਧਰ ਉੱਤੇ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਆਪਣੇ-ਆਪਣੇ ਬਲਾਕਾਂ ਦਾ ਸਰਵੇ ਕਰਕੇ ਵਿਭਾਗ ਨੂੰ ਨੁਕਸਾਨ ਸਬੰਧੀ ਰਿਪੋਰਟ ਸੌਂਪੇਗੀ। ਜਿਸ ਤੋਂ ਬਾਅਦੀ ਹੀ ਸਪਸ਼ਟ ਅੰਦਾਜ਼ਾ ਲੱਗ ਸਕਦਾ ਹੈ ਕਿ ਮੀਂਹ ਕਾਰਨ ਕਿਸਾਨਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ ਹੈ।
ਮੁਆਵਜ਼ੇ ਦੀ ਮੰਗ ਲਈ ਮੋਰਚਾ ਲਾਉਣ ਦਾ ਐਲਾਨ
ਦੂਜੇ ਪਾਸੇ ਬੀਕੇਯੂ ਡਕੌਂਦਾ ਦੇ ਸੂਬਾ ਸਕੱਤਰ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਮੀਂਹ ਤੇ ਤੇਜ਼ਾ ਕਾਰਨ ਹਾੜੀ ਦੀ ਫ਼ਸਲ ਦਾ 30 ਤੋਂ 40 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ। ਯੁਕਤ ਕਿਸਾਨ ਮੋਰਚੇ ਦਿੱਲੀ ਮਹਾਂਪੰਚਾਾਇਤ ਤੋਂ ਬਾਅਦ ਪੰਜਾਬ ਵਿੱਚ ਮੁਆਵਜ਼ ਦੀ ਮੰਗ ਲਈ ਮੋਰਚਾ ਸ਼ੁਰੂ ਕਰੇਗੀ।
ਮੀਂਹ ਕਾਰਨ ਫਸਲ ਖਰਾਬ ਹੋਣ ‘ਤੇ ਯੂਪੀ ਸਰਕਾਰ ਮੁਆਵਜ਼ਾ ਦੇਵੇਗੀ, ਗਿਰਦਾਵਰੀ ਦੇ ਨਿਰਦੇਸ਼ ਜਾਰੀ
ਫ਼ਸਲ ਹੋਵੇਗੀ ਲੇਟ ਅਤੇ ਵਧੇਗਾ ਵਾਢੀ ਦਾ ਵਧੇਗਾ ਖ਼ਰਚਾ
ਮੀਂਹ ਪੈਣ ਕਾਰਨ ਕਣਕ ਦੀ ਵਾਢੀ ਵਿੱਚ ਦੇਰੀ ਹੋਵੇਗੀ। ਇਸ ਦੇ ਨਾਲ ਹੀ ਵਾਢੀ ਦਾ ਖਰਚਾ ਵੀ ਜ਼ਿਆਦਾ ਆਵੇਗਾ, ਕਿਉਂਕਿ ਜ਼ਮੀਨ ‘ਤੇ ਡਿੱਗੀਆਂ ਫਸਲਾਂ ਨੂੰ ਹੱਥੀਂ ਵੱਢਣਾ ਪਵੇਗਾ ਅਤੇ ਇਸ ‘ਚ ਸਮਾਂ ਵੀ ਜ਼ਿਆਦਾ ਲੱਗੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਲਦੀ ਤੋਂ ਜਲਦੀ ਪ੍ਰਬੰਧ ਕਰਨ ਕਿਉਂਕਿ ਇਸ ਨਾਲ ਫ਼ਸਲਾਂ ਦੇ ਸੜਨ ਦਾ ਖਤਰਾ ਬਣਿਆ ਰਹਿੰਦਾ ਹੈ।
ਰਾਜਾਂ ਤੋਂ ਨਹੀਂ ਆਈ ਜ਼ਮੀਨੀ ਰਿਪੋਰਟ: ਕੇਂਦਰ ਸਰਕਾਰ
ਇਸ ਦੌਰਾਨ ਕੇਂਦਰ ਨੇ ਕਿਹਾ ਹੈ ਕਿ ਕਈ ਰਾਜਾਂ ਵਿੱਚ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਣ ਦੀ ਖ਼ਬਰ ਹੈ। ਮੁੱਖ ਕਣਕ ਉਤਪਾਦਕ ਰਾਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਨੇ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ। ਹਾਲਾਂਕਿ ਕੇਂਦਰ ਦਾ ਕਹਿਣਾ ਹੈ ਕਿ ਰਾਜਾਂ ਵੱਲੋਂ ਜ਼ਮੀਨੀ ਰਿਪੋਰਟ ਪੇਸ਼ ਕੀਤੀ ਜਾਣੀ ਹਾਲੇ ਬਾਕੀ ਹੈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ, ਜਿਸ ਦੀ ਵਾਢੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸ਼ੁਰੂ ਹੋ ਗਈ ਹੈ। ਸਰ੍ਹੋਂ ਅਤੇ ਛੋਲੇ ਹਾੜ੍ਹੀ ਦੀਆਂ ਹੋਰ ਪ੍ਰਮੁੱਖ ਫ਼ਸਲਾਂ ਹਨ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਲਈ 112.2 ਮਿਲੀਅਨ ਟਨ ਕਣਕ ਦੀ ਰਿਕਾਰਡ ਪੈਦਾਵਾਰ ਦਾ ਅਨੁਮਾਨ ਲਗਾਇਆ ਹੈ।
ਪੰਜਾਬ ਵਿੱਚ 23 ਅਤੇ 24 ਮਾਰਚ ਨੂੰ ਯੈਲੋ ਅਲਰਟ
ਮੌਸਮ ਵਿਭਾਗ ਨੇ ਹੁਣ 23 ਅਤੇ 24 ਮਾਰਚ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਇਨ੍ਹਾਂ ਦੋ ਦਿਨਾਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਪਵੇਗਾ। ਇਸ ਦੌਰਾਨ ਕੁਝ ਥਾਵਾਂ ‘ਤੇ ਗੜੇਮਾਰੀ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ 21 ਅਤੇ 22 ਮਾਰਚ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਪਰ ਉਸ ਤੋਂ ਬਾਅਦ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਹੀ ਕਾਰਨ ਹੈ ਕਿ 23 ਅਤੇ 24 ਮਾਰਚ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਸੁਰੱਖਿਅਤ ਥਾਵਾਂ ‘ਤੇ ਇਕੱਠਾ ਕਰਨ।