Khetibadi Punjab

Weather forecast : ਮੌਸਮ ਵਿਭਾਗ ਦੀ ਨਵੀਂ ਚੇਤਾਵਨੀ…ਖ਼ਬਰ ‘ਚ ਪੜ੍ਹੋ

weather updates, Punjab news, agricultural news

ਚੰਡੀਗੜ੍ਹ : ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੇ ਮੀਂਹ ਤੋਂ ਬਾਅਦ ਹੁਣ ਮੌਸਮ ਵਿਭਾਗ (Weather forecast) ਦੀ ਨਵੀਂ ਚੇਤਾਵਨੀ ਆਈ ਹੈ। 24 ਮਾਰਚ ਨੂੰ ਪੰਜਾਬ ਵਿੱਚ ਮੁੜ ਭਰਵਾਂ ਮੀਂਹ(Rain in Punjab)  ਪਵੇਗਾ। ਇੰਨਾ ਹੀ ਨਹੀਂ ਇਸ ਦਿਨ ਤੇਜ਼ ਹਵਾਵਾਂ ਵੀ ਚੱਲ਼ਣਗੀਆਂ। ਇਸ ਲਈ ਕਿਸਾਨਾਂ ਨੂੰ ਖ਼ਾਸ ਕਰਕੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਚੰਡੀਗੜ ਮੌਸਮ ਕੇਂਦਰ(Meteorological Department) ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਿਕ ਅੱਜ ਯਾਨੀ 20 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਗੜੇ ਪੈਣ ਦੀ ਪਸ਼ੀਨਗੋਈ ਹੈ। ਇਸਦੇ ਨਾਲ ਹੀ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਉਨ੍ਹਾਂ ਨੇ ਕਿਹਾ ਕਿ 21 ਮਾਰਚ ਨੂੰ ਪੱਛਮੀ ਗੜਬੜੀ ਦਾ ਅਸਰ ਘੱਟ ਰਹੇਗਾ। ਜਿਸ ਨਾਲ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਕਿਤੇ-ਕਿਤੇ ਮੀਂਹ ਪਵੇਗਾ। ਇਸਦੇ ਨਾਲ ਹੀ ਮਾਲਵਾ ਦੇ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਵਿੱਚ ਕਿਤੇ ਕਿਤੇ ਹਲਕਾ ਮੀਂਹ ਰਹੇਗਾ। 22 ਮਾਰਚ ਨੂੰ ਵੀ ਪੰਜਾਬ ਦੇ ਕੁੱਝ ਜ਼ਿਲਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 23 ਮਾਰਚ ਨੂੰ ਪੰਜਾਬ ਜ਼ਿਆਦਾਤਰ ਜ਼ਿਲਿਆਂ ਵਿੱਚ ਕਿਤੇ ਕਿਤੇ ਨਾਮਾਤਰ ਮੀਂਹ ਪੈਣ ਦੀ ਸੰਭਾਵਨਾ ਹੈ।

24 ਮਾਰਚ ਨੂੰ ਮੁੜ ਪੱਛਮੀ ਗੜਬੜੀ ਪੂਰੀ ਸਰਗਰਮ ਹੋ ਜਾਵੇਗੀ। ਜਿਸ ਨਾਲ ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ। 25 ਮਾਰਚ ਨੂੰ ਇੱਕ ਦੋ ਜਗਾ ਉੱਤੇ ਹੀ ਮੀਂਹ ਪਵੇਗਾ। ਇਸ ਤੋਂ ਬਾਅਦ 26 ਅਤੇ 27 ਮਾਰਚ ਨੂੰ ਮੌਸਮ ਸਾਫ ਰਹੇਗਾ।

ਮੌਸਮ ਵਿਭਾਗ ਦੀ ਕਿਸਾਨਾਂ ਨੂੰ ਖ਼ਾਸ ਸਲਾਹ

ਚੰਡੀਗੜ ਮੌਸਮ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਦੋ ਦਿਨ ਖੇਤੀਬਾੜੀ ਨਾਲ ਜੁੜੇ ਕੰਮ ਕੀਤੇ ਜਾ ਸਕਦੇ ਹਨ। ਪੱਕ ਕੇ ਤਿਆਰ ਖੜੀ ਫਸਲ ਨੂੰ ਕੱਟ ਕੇ ਸੁਰਖਿਅਤ ਜਗ੍ਹਾ ਉੱਤੇ ਸਾਂਭ ਕੇ ਰੱਖੀ ਜਾਵੇ। 23 ਮਾਰਚ ਤੋਂ ਬਾਅਦ ਕਿਸਾਨਾਂ ਨੂੰ ਮੁੜ ਤੋਂ ਖੇਤਾਂ ਦੇ ਕੰਮ ਅੱਗੇ ਮੁਲਤਬੀ ਕਰਨੇ ਹੋਣਗੇ ਕਿਉਂਕਿ 24 ਮਾਰਚ ਨੂੰ ਮੀਂਹ ਅਤੇ ਤੇਜ਼ ਹਵਾ ਚੱਲਣ ਬਾਰੇ ਦੱਸਿਆ ਗਿਆ ਹੈ। 26 ਮਾਰਚ ਤੋਂ ਬਾਅਦ ਮੌਸਮ ਸਾਫ ਰਹੇਗਾ ਅਤੇ ਮੁੜ ਤੋਂ ਖੇਤੀਬਾੜੀ ਨਾਲ ਜੁੜੇ ਕੰਮ ਕੀਤੇ ਜਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਖੇਤਾਂ ਵਿੱਚ ਪੱਕਣ ਨੂੰ ਤਿਆਰ ਖੜੀ ਕਣਕ ਅਤੇ ਸਰੋਂ ਦੀ ਫ਼ਸਲ ਦਾ ਨੁਕਾਸਨ ਕੀਤਾ ਹੈ।