India

ਗੁਰੂਗ੍ਰਾਮ ‘ਚ ਵਰਤਿਆ ਭਾਣਾ , ਛੇ ਘਰਾਂ ਦੇ ਬੁਝੇ ਦੀਵੇ

‘ਦ ਖ਼ਾਲਸ ਬਿਊਰੋ : ਹਰਿਆਣਾ (Haryana)  ਦੇ ਜਿਲ੍ਹੇ ਗੁਰੂਗ੍ਰਾਮ ਤੋਂ ਇੱਕ ਦਿਨ ਨੂੰ ਕੰਬਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂਗ੍ਰਾਮ ਦੇ ਸੈਕਟਰ 111 ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਤੇ ਛੱਪੜ ਵਿੱਚ ਨਹਾਉਣ ਗਏ ਛੇ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹਰ ਕੋਈ ਦੁਪਹਿਰ 3 ਵਜੇ ਦੇ ਕਰੀਬ ਇਸ ਬਰਸਾਤੀ ਛੱਪੜ ‘ਤੇ ਪਹੁੰਚਿਆ ਸੀ ਅਤੇ ਨਹਾਉਣ ਦੌਰਾਨ ਇਹ ਘਟਨਾ ਵਾਪਰੀ। ਇਕ ਬੱਚੇ ਨੇ ਬਾਕੀ ਬੱਚਿਆਂ ਦੇ ਘਰ ਜਾ ਕੇ ਸਾਰਿਆਂ ਦੇ ਡੁੱਬਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਲੋਕ ਮੌਕੇ ‘ਤੇ ਪਹੁੰਚ ਗਏ। ਬੱਚਿਆਂ ਦੇ ਬਾਹਰ ਪਏ ਕੱਪੜਿਆਂ ਦੇ ਆਧਾਰ ‘ਤੇ 6 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਵਿੱਚੋਂ ਦੇਵਾ, ਪੀਯੂਸ਼, ਅਜੀਤ, ਦੁਰਗੇਸ਼, ਰਾਹੁਲ ਨਾਮ ਦੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸਾਰੇ ਬੱਚੇ 8 ਤੋਂ 11 ਸਾਲ ਦੀ ਉਮਰ ਦੇ ਦੱਸੇ ਜਾਂਦੇ ਹਨ, ਜੋ ਸ਼ੰਕਰ ਵਿਹਾਰ ਦੇ ਰਹਿਣ ਵਾਲੇ ਸਨ। ਇਹ ਹਾਦਸਾ ਐਤਵਾਰ ਨੂੰ ਵਾਪਰਿਆ।

ਡੀਸੀਪੀ ਵੈਸਟ ਦੀਪਕ ਸਹਾਰਨ ਮੁਤਾਬਕ ਪਹਿਲਾਂ ਦੇਵਾ ਨਾਂ ਦੇ 11 ਸਾਲ ਦੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ, ਉਸ ਤੋਂ ਬਾਅਦ ਬਾਕੀ 5 ਬੱਚਿਆਂ ਦੀ ਭਾਲ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਸੀਐਮ ਮਨੋਹਰ ਲਾਲ ਦੇ ਨਿਰਦੇਸ਼ਾਂ ‘ਤੇ ਸਾਰੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਸੈਕਟਰ 111 ਵਿੱਚ ਇੱਕ ਬਿਲਡਰ ਨੇ ਇਹ ਵੱਡਾ ਟੋਆ ਛੱਡਿਆ ਸੀ ਜਿਸ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ ਸੀ। ਹੁਣ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਟੋਆ ਕਿਉਂ ਬਣਾਇਆ ਗਿਆ ਅਤੇ ਇਸ ਤੋਂ ਬਾਅਦ ਇਸ ਨੂੰ ਇਸ ਤਰ੍ਹਾਂ ਕਿਉਂ ਖੁੱਲ੍ਹਾ ਛੱਡ ਦਿੱਤਾ ਗਿਆ।