India Punjab

ਕਿਵਾੜ ਬੰਦ, ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਮਾਪਤ, ਜਾਣੋ ਪੂਰਾ ਇਤਿਹਾਸ !

Shri Hemkunt Sahib's journey is over, know the full history!

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਉਤਰਾਖੰਡ ਦੇ ਚਮੋਲੀ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਅੱਜ ਕਿਵਾੜ ਬੰਦ ਹੋ ਗਏ ਹਨ। ਭਾਰੀ ਬਰਫ਼ਬਾਰੀ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਕਾ ਇੱਕ ਦਿਨ ਪਹਿਲਾਂ ਹੀ ਰੁਕ ਗਈ। ਚਮੋਲੀ ਜ਼ਿਲ੍ਹੇ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਪੁਲੀਸ ਸੁਪਰਡੈਂਟ ਸ਼ਵੇਤਾ ਚੌਬੇ ਨੇ ਦੱਸਿਆ ਸੀ ਕਿ ਖੇਤਰ ਵਿੱਚ 2 ਫੁੱਟ ਤੋਂ ਵੱਧ ਬਰਫ਼ਬਾਰੀ ਹੋਈ ਹੈ। ਇਸ ਕਾਰਨ ਗੋਵਿੰਦਘਾਟ ਅਤੇ ਘੰਗੜੀਆ ਵਿਖੇ ਤੀਰਥ ਯਾਤਰਾ ਰੁਕ ਗਈ। 15,225 ਫੁੱਟ ਦੀ ਉੱਚਾਈ ‘ਤੇ ਸਥਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ 2 ਲੱਖ ਤੋਂ ਵੱਧ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ।

ਇਸ ਪਵਿੱਤਰ ਧਰਤੀ ਉੱਤੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਕ ਮੰਦਿਰ, ਦੇਵੀ ਦੇਵਤਿਆਂ ਦੇ ਤਪ ਅਸਥਾਨ, ਕੁਦਰਤੀ ਪਵਿੱਤਰ ਸੋਮੇ ਅਤੇ ਸੁੰਦਰ ਵਾਦੀਆਂ ਹਨ। ਇੱਥੇ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਜ਼ਿਲ੍ਹਾ ਚੰਮੋਲੀ ਵਿੱਚ ਸਥਿਤ ਸਿੱਖਾਂ ਦੇ ਪ੍ਰਸਿੱਧ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਲਈ ਆਉਂਦੀ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਹਰ ਸਾਲ ਮਈ ਮਹੀਨੇ ਦੇ ਅਖੀਰ ਜਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਕਰੀਬ ਅਕਤੂਬਰ ਤੱਕ ਮੌਸਮ ਦੇ ਮਿਜ਼ਾਜ਼ ਮੁਤਾਬਕ ਸੰਗਤਾਂ ਲਈ ਖੋਲਿਆ ਜਾਂਦਾ ਹੈ।

ਇਸ ਸਾਲ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ 22 ਮਈ ਨੂੰ ਖੋਲ੍ਹੇ ਗਏ ਸਨ। ਭਾਰਤੀ ਫ਼ੌਜ ਦੇ ਜਵਾਨਾਂ, ਪ੍ਰਸ਼ਾਸਨ ਅਤੇ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਵੱਲੋਂ ਸੰਗਤ ਦੇ ਲਈ ਰਸਤਾ ਬਣਾਉਣ ਲਈ ਹਰ ਸਾਲ ਬਰਫ਼ ਨੂੰ ਹਟਾਉਣ ਅਤੇ ਗਲੇਸ਼ੀਅਰ ਨੂੰ ਕੱਟਣ ਦੀ ਸੇਵਾ ਨਿਭਾਈ ਜਾਂਦੀ ਹੈ।

ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਪਿਛੋਕੜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਵਿੱਚ ਕੀਤੇ ਗਏ ਤਪ ਨਾਲ ਜੁੜਿਆ ਹੋਇਆ ਹੈ। ਇਤਿਹਾਸ ਦੇ ਸੋਮਿਆਂ ਨੂੰ ਪੜਨ ਉੱਤੇ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੇ ਗਏ ਬਚਿੱਤਰ ਨਾਟਕ ਦੇ ਛੇਵੇਂ ਅਧਿਆਏ ਵਿੱਚ ਇਸ ਅਸਥਾਨ ਅਤੇ ਇੱਥੇ ਕੀਤੇ ਗਏ ਤਪ ਦਾ ਜ਼ਿਕਰ ਆਉਂਦਾ ਹੈ।

ਇਸ ਅਸਥਾਨ ਦੀ ਸ਼ੁਰੂ ਹੋਈ ਖੋਜ ਵਿੱਚ ਭਾਈ ਵੀਰ ਸਿੰਘ, ਸੰਤ ਤਾਰਾ ਸਿੰਘ ਨਰੋਤਮ ਜੀ, ਸੰਤ ਸੋਹਣ ਸਿੰਘ, ਬਾਬਾ ਮੋਦਨ ਸਿੰਘ ਤੋਂ ਇਲਾਵਾ ਬਹੁਤ ਸਾਰੇ ਸਿੱਖਾਂ ਦਾ ਯੋਗਦਾਨ ਰਿਹਾ ਹੈ। ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਸਤੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੈਦਲ, ਮੋਟਰ ਸਾਈਕਲਾਂ, ਗੱਡੀਆਂ, ਬੱਸਾਂ ਆਦਿ ਰਾਹੀਂ ਪਹੁੰਚਦੇ ਹਨ। ਸੰਗਤਾਂ ਦੇ ਰਸਤੇ ਵਿੱਚ ਠਹਿਰਨ ਵਾਸਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਹਰਿਦੁਆਰ, ਰਿਸ਼ੀਕੇਸ, ਸ਼੍ਰੀਨਗਰ ਗੜਵਾਲ, ਜੋਸ਼ੀਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਆਦਿ ਅਸਥਾਨਾਂ ਅਤੇ ਗੁਰੂ ਘਰਾਂ ਦੀ ਉਸਾਰੀ ਕਰਵਾਈ ਗਈ ਹੈ। ਇਨ੍ਹਾਂ ਗੁਰੂ ਘਰਾਂ ਵਿੱਚ ਸੰਗਤ ਦੇ ਠਹਿਰਨ ਅਤੇ ਲੰਗਰ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ ਹਨ।