India Religion

ਇਸ ਦਿਨ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

The journey of Sri Hemkunt Sahib will start from this day

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Gurdwara Sri Hemkunt Sahib)  ਜੀ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ ਤਿਆਰੀਆਂ ਜੰਗੀ ਪੱਧਰ ਉਪਰ ਚੱਲ ਰਹੀਆਂ ਹਨ। ਇਸ ਵੇਲੇ ਉੱਥੇ 12 ਤੋਂ 15 ਫੁੱਟ ਤੱਕ ਬਰਫ ਜੰਮੀ ਹੋਈ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਰਾਹ ਉਪਰੋਂ ਬਰਫ ਹਟਾਉਣ ਦਾ ਕੰਮ 20 ਅਪਰੈਲ ਤੋਂ ਸ਼ੁਰੂ ਹੋ ਜਾਏਗਾ। ਭਾਰਤੀ ਫੌਜ ਦੇ ਜਵਾਨ ਬਰਫ ਕੱਟ ਕੇ ਸੰਗਤ ਲਈ ਰਸਤਾ ਤਿਆਰ ਕਰਨ ਲਈ 20 ਅਪਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਪੁੱਜ ਜਾਣਗੇ।

ਇੱਥੇ ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਤਿਆਰੀ ਲਈ ਭਾਰਤੀ ਫੌਜ ਦੇ ਜਵਾਨਾਂ ਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਦਾ ਲਗਪਗ 50 ਮੈਂਬਰੀ ਦਲ ਬਰਫ ਕੱਟ ਕੇ ਰਸਤੇ ਤਿਆਰ ਕਰਨ ਤੇ ਹੋਰ ਪ੍ਰਬੰਧ ਕਰਨ ਲਈ 22 ਅਪਰੈਲ ਨੂੰ ਰਵਾਨਾ ਹੋਵੇਗਾ ਜੋ 20 ਮਈ ਤੱਕ ਸਮੁੱਚੇ ਰਸਤੇ ਤਿਆਰ ਕਰੇਗਾ ਤੇ ਹੋਰ ਪ੍ਰਬੰਧ ਕਰੇਗਾ ਤਾਂ ਜੋ 25 ਮਈ ਤੋਂ ਸਾਲਾਨਾ ਯਾਤਰਾ ਆਰੰਭ ਕੀਤੀ ਜਾ ਸਕੇ।

ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਵੇਲੇ 12 ਤੋਂ 15 ਫੁੱਟ ਤੱਕ ਬਰਫ ਹੈ ਤੇ ਸਮੁੱਚਾ ਖੇਤਰ ਬਰਫ ਨਾਲ ਢਕਿਆ ਹੋਇਆ ਹੈ। ਗੁਰਦੁਆਰੇ ਦੀ ਪਹਿਲੀ ਮੰਜ਼ਿਲ ਤਾਂ ਪੂਰੀ ਤਰ੍ਹਾਂ ਬਰਫ ਵਿੱਚ ਹੈ ਤੇ ਸਰੋਵਰ ਵੀ ਬਰਫ ਨਾਲ ਢਕਿਆ ਹੋਇਆ ਹੈ।

ਇੰਨੀ ਉਚਾਈ ਵਾਲੇ ਖੇਤਰ ਵਿਚ ਅੱਜ ਕੱਲ੍ਹ ਵੀ ਬਰਫ ਪੈ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਇਹ ਸਾਲਾਨਾ ਯਾਤਰਾ ਇਸ ਵਾਰ 25 ਮਈ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕੇ ਟਰੱਸਟ ਦੇ ਦੋ ਸੇਵਾਦਾਰ ਬੀਤੇ ਦਿਨ ਗੁਰਦੁਆਰਾ ਗੋਬਿੰਦ ਧਾਮ ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋ ਕੇ ਆਏ ਹਨ।