ਅਮਰੀਕਾ ਦੇ ਨਿਆਂ ਵਿਭਾਗ ਨੇ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਖਿਲਾਫ ਰਿਸ਼ਵਤਖੋਰੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ‘ਤੇ ਅਮਰੀਕਾ ਵਿਚ ਆਪਣੀ ਇਕ ਕੰਪਨੀ ਦਾ ਠੇਕਾ ਲੈਣ ਲਈ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਅਤੇ ਮਾਮਲੇ ਨੂੰ ਲੁਕਾਉਣ ਦਾ ਦੋਸ਼ ਹੈ।
ਨਿਊਯਾਰਕ ਦੀ ਫੈਡਰਲ ਕੋਰਟ ‘ਚ ਹੋਈ ਸੁਣਵਾਈ ‘ਚ ਗੌਤਮ ਅਡਾਨੀ ਸਮੇਤ 8 ਲੋਕਾਂ ‘ਤੇ ਅਰਬਾਂ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਸੰਯੁਕਤ ਰਾਜ ਦੇ ਅਟਾਰਨੀ ਦਫ਼ਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸਬੰਧਤ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਕਰੀਬ 2110 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਹੈ।
ਅਡਾਨੀ ਅਤੇ ਉਸ ਦੇ ਸੱਤ ਸਾਥੀਆਂ ਖ਼ਿਲਾਫ਼ ਨਿਊਯਾਰਕ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਹੁਣ ਇਸ ਮਾਮਲੇ ‘ਚ ਵ੍ਹਾਈਟ ਹਾਊਸ ਦਾ ਬਿਆਨ ਆਇਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ-ਪੀਅਰੇ ਨੇ ਕਿਹਾ ਹੈ, “ਅਸੀਂ ਇਨ੍ਹਾਂ ਦੋਸ਼ਾਂ ਤੋਂ ਜਾਣੂ ਹਾਂ। ਸਿਰਫ਼ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਅਤੇ ਨਿਆਂ ਵਿਭਾਗ (ਡੀਓਜੀ) ਹੀ ਇਨ੍ਹਾਂ ਦੋਸ਼ਾਂ ਬਾਰੇ ਹੋਰ ਜਾਣਕਾਰੀ ਦੇ ਸਕਣਗੇ।” ਬੁਲਾਰੇ ਤੋਂ ਪੁੱਛਿਆ ਗਿਆ ਕਿ ਕੀ ਗੌਤਮ ਅਡਾਨੀ ‘ਤੇ ਲੱਗੇ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਹੋਵੇਗਾ। ਇਸ ਦੇ ਜਵਾਬ ਵਿੱਚ ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਹੁਤ ਮਜ਼ਬੂਤ ਨੀਂਹ ਉੱਤੇ ਟਿਕੇ ਹੋਏ ਹਨ।
ਦਰਅਸਲ, ਗੌਤਮ ਅਡਾਨੀ ‘ਤੇ ਅਮਰੀਕੀ ਨਿਵੇਸ਼ਕਾਂ ਦੇ ਪੈਸੇ ਨਾਲ ਭਾਰਤ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਹੈ ਅਤੇ ਇਹ ਰਿਸ਼ਵਤ ਉਨ੍ਹਾਂ ਪ੍ਰੋਜੈਕਟਾਂ ਲਈ ਵੀ ਦਿੱਤੀ ਗਈ ਸੀ, ਜਿਸ ਕਾਰਨ ਅਡਾਨੀ ਗਰੁੱਪ ਦੀ ਇੱਕ ਕੰਪਨੀ ਨੂੰ 20 ਸਾਲਾਂ ਵਿੱਚ 2 ਅਰਬ ਅਮਰੀਕੀ ਡਾਲਰ ਯਾਨੀ ਭਾਰਤੀ ਰੁਪਏ ਮਿਲੇ ਹਨ ਅੰਦਾਜ਼ਾ ਹੈ ਕਿ ਲਗਭਗ 16 ਹਜ਼ਾਰ 881 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ।
ਦੋਸ਼ ਹੈ ਕਿ ਇਸ ਮੁਨਾਫੇ ਲਈ ਸਾਲ 2021 ਤੋਂ 2022 ਦਰਮਿਆਨ ਆਂਧਰਾ ਪ੍ਰਦੇਸ਼, ਉੜੀਸਾ, ਜੰਮੂ-ਕਸ਼ਮੀਰ, ਤਾਮਿਲਨਾਡੂ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੂੰ ਕਰੀਬ 2200 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ। ਇਹ ਰਿਸ਼ਵਤ ਦੀ ਰਕਮ ਉਸ ਕੰਪਨੀ ਨਾਲ ਸਬੰਧਤ ਸੀ ਜੋ ਅਮਰੀਕੀ ਸਟਾਕ ਮਾਰਕੀਟ ਵਿੱਚ ਸੂਚੀਬੱਧ ਸੀ, ਇਸ ਲਈ ਇਸ ਦੀ ਅਮਰੀਕਾ ਵਿੱਚ ਜਾਂਚ ਕੀਤੀ ਗਈ।