India International

ਅਡਾਨੀ ’ਤੇ ਫਿਰ ਲੱਗੇ ਠੱਗੀ ਦੇ ਇਲਜ਼ਾਮ! 28 ਡਾਲਰ ਦਾ ਕੋਲਾ ਸਰਕਾਰ ਨੂੰ 92 ਡਾਲਰ ’ਚ ਵੇਚਿਆ, ਵਿਦੇਸ਼ੀ ਅਖ਼ਬਾਰ ਦੀ ਰਿਪੋਰਟ

ਫਾਇਨੈਂਸ਼ੀਅਲ ਟਾਈਮਜ਼ ਨੇ ਆਰਗੇਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ ਪ੍ਰੋਜੈਕਟ (OCCRP) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਨਵਰੀ 2014 ਵਿੱਚ, ਅਡਾਨੀ ਗਰੁੱਪ ਨੇ ਇੱਕ ਇੰਡੋਨੇਸ਼ੀਆਈ ਕੰਪਨੀ ਤੋਂ 28 ਡਾਲਰ ਪ੍ਰਤੀ ਟਨ ਦੀ ਕਥਿਤ ਕੀਮਤ ’ਤੇ ‘ਲੋਅ-ਗ੍ਰੇਡ’ ਦਾ ਕੋਲਾ ਖਰੀਦਿਆ ਅਤੇ ਇਹ ਸ਼ਿਪਮੈਂਟ ਤਾਮਿਲਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ (TANGEDCO) ਨੂੰ ਉੱਚ ਗੁਣਵੱਤਾ ਵਾਲੇ ਕੋਲੇ ਵਜੋਂ 91.91 ਡਾਲਰਪ੍ਰਤੀ ਟਨ ਦੀ ਔਸਤ ਕੀਮਤ ’ਤੇ ਵੇਚੀ ਗਈ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਦੇ ਇਨਵੌਇਸ ਦਰਸਾਉਂਦੇ ਹਨ ਕਿ ਜਨਵਰੀ 2014 ਵਿੱਚ ਅਡਾਨੀ ਨੇ ਕੋਲੇ ਦੀ ਇੱਕ ਇੰਡੋਨੇਸ਼ੀਆਈ ਖੇਪ ਖ਼ਰੀਦੀ ਸੀ ਜਿਸ ਵਿੱਚ ਪ੍ਰਤੀ ਕਿਲੋਗ੍ਰਾਮ 3,500 ਕੈਲੋਰੀ ਹੁੰਦੀ ਸੀ। ਇਹੀ ਸ਼ਿਪਮੈਂਟ ਤਾਮਿਲਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ (ਟੈਂਗੇਡਕੋ) ਨੂੰ 6,000-ਕੈਲੋਰੀ ਕੋਲੇ ਵਜੋਂ ਵੇਚੀ ਗਈ ਸੀ, ਜੋ ਸਭ ਤੋਂ ਕੀਮਤੀ ਗ੍ਰੇਡਾਂ ਵਿੱਚੋਂ ਇੱਕ ਸੀ। ਟਰਾਂਸਪੋਰਟ ਦੇ ਖ਼ਰਚਿਆਂ ਤੋਂ ਬਾਅਦ ਅਡਾਨੀ ਨੇ ਇਸ ਪ੍ਰਕਿਰਿਆ ਵਿੱਚ ਆਪਣੇ ਪੈਸੇ ਦੁੱਗਣੇ ਤੋਂ ਵੱਧ ਕੀਤੇ ਜਾਪਦੇ ਹਨ।

ਅਡਾਨੀ ਨੇ ਇੰਡੋਨੇਸ਼ੀਆ ਵਿੱਚ ਇੱਕ ਮਾਈਨਿੰਗ ਸਮੂਹ ਤੋਂ ਘੱਟ-ਗਰੇਡ ਈਂਧਨ ਦੇ ਅਨੁਕੂਲ ਕੀਮਤਾਂ ‘ਤੇ ਕੋਲਾ ਪ੍ਰਾਪਤ ਕੀਤਾ, ਜੋ ਘੱਟ-ਕੈਲੋਰੀ ਆਉਟਪੁੱਟ ਲਈ ਜਾਣਿਆ ਜਾਂਦਾ ਹੈ। ਇਸ ਨੇ ਇੱਕ ਇਕਰਾਰਨਾਮੇ ਨੂੰ ਪੂਰਾ ਕਰਦੇ ਹੋਏ ਬਿਜਲੀ ਉਤਪਾਦਨ ਲਈ ਭਾਰਤ ਦੇ ਸਭ ਤੋਂ ਦੱਖਣੀ ਰਾਜ ਨੂੰ ਕੋਲਾ ਪਹੁੰਚਾਇਆ, ਜਿਸ ਵਿੱਚ ਮਹਿੰਗੇ ਉੱਚ-ਗੁਣਵੱਤਾ ਵਾਲੇ ਈਂਧਨ ਨੂੰ ਨਿਰਧਾਰਤ ਕੀਤਾ ਗਿਆ ਸੀ।

ਇਸ ਰਿਪੋਰਟ ਦੇ ਸਾਹਮਣੇ ਆਉਂਦਿਆਂ ਹੀ ਅਡਾਨੀ ਗਰੁੱਪ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਇਸ ਸਬੰਧੀ ਨਿਸ਼ਾਨੇ ’ਤੇ ਲੈ ਲਿਆ ਹੈ। ਕਾਂਗਰਸ ਵੱਲੋਂ ਅਕਸਰ ਮੋਦੀ ਸਰਕਾਰ ’ਤੇ ਕਾਰਪੋਰੇਟ ਘਰਾਣਿਆਂ ਨਾਲ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਾਏ ਜਾਂਦੇ ਹਨ।

ਉੱਧਰ ਅਡਾਨੀ ਗਰੁੱਪ ਨੇ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਲਗਾਏ ਗਏ ਦੋਸ਼ਾਂ ਨੂੰ ‘ਝੂਠ ਅਤੇ ਬੇਬੁਨਿਆਦ’ ਕਰਾਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਗਰੁੱਪ ਨੇ ਘੱਟ ਗੁਣਵੱਤਾ ਦਾ ਕੋਲਾ ਖਰੀਦਿਆ ਅਤੇ ਉਸ ਨੂੰ ਉੱਚ ਦਰਜੇ ਦਾ ਕਹਿ ਕੇ ਉੱਚੀਆਂ ਕੀਮਤਾਂ ’ਤੇ ਸਰਕਾਰ ਨੂੰ ਵੇਚਿਆ।

ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਆਉਣ ’ਤੇ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ ਸੀ। ਪਰ ਕੰਪਨੀ ਵੱਲੋਂ ਦਿੱਤੇ ਪ੍ਰਤੀਕਰਮ ਤੋਂ ਬਾਅਦ ਸ਼ੇਅਰਾਂ ਵਿੱਚ ਰਿਕਵਰੀ ਦੇਖਣ ਨੂੰ ਮਿਲੀ।

ਦੱਸ ਦੇਈਏ ਇਸ ਤੋਂ ਪਹਿਲਾਂ ਵੀ ਅਡਾਨੀ ਗਰੁੱਪ ’ਤੇ ਕੋਲਾ ਦਰਾਮਦ ਬਿੱਲ ’ਚ ਧਾਂਦਲੀ ਕਰਨ ਦਾ ਦੋਸ਼ ਲੱਗਾ ਸੀ। ਫਾਈਨੈਂਸ਼ੀਅਲ ਟਾਈਮਜ਼ ਨੇ ਹੀ ਆਪਣੀ ਇੱਕ ਰਿਪੋਰਟ ‘ਚ ਇਲਜ਼ਾਮ ਲਾਇਆ ਸੀ ਕਿ ਅਡਾਨੀ ਗਰੁੱਪ ਨੇ ਇੰਡੋਨੇਸ਼ੀਆ ਤੋਂ ਘੱਟ ਰੇਟ ‘ਤੇ ਕੋਲੇ ਦੀ ਦਰਾਮਦ ਕੀਤੀ ਅਤੇ ਬਿੱਲਾਂ ਵਿੱਚ ਹੇਰਾਫੇਰੀ ਕਰਕੇ ਉੱਚੀਆਂ ਕੀਮਤਾਂ ਦਿਖਾਈਆਂ। ਇਸ ਕਾਰਨ ਸਮੂਹ ਨੇ ਕੋਲੇ ਤੋਂ ਪੈਦਾ ਹੋਈ ਬਿਜਲੀ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਵੇਚੀ ਗਈ।

ਇਹ ਵੀ ਪੜ੍ਹੋ – PM ਮੋਦੀ ਖ਼ਿਲਾਫ਼ ਪ੍ਰਦਰਸ਼ਨ ਕਰਨ ਆ ਰਹੇ ਕਿਸਾਨਾਂ ਨੂੰ ਰੋਕਿਆ, ਆਵਾਜਾਈ ਠੱਪ