Punjab

ਭਾਰਤੀ ਸੈਨਾ ਦੀ ਪੱਛਮੀ ਕਮਾਂਡ ਕਰੋਨਾ ਕਾਲ ਵਿੱਚ ਪੰਜਾਬ ਦੀ ਇਸ ਤਰ੍ਹਾਂ ਕਰੇਗੀ ਮਦਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕੋਵਿਡ-19 ਦੇ ਕੇਸ ਲਗਾਤਾਰ ਵੱਧ ਰਹੇ ਹਨ। ਹਸਪਤਾਲਾਂ ਵਿੱਚ ਸਹੀ ਇਲਾਜ ਨਾ ਹੋਣ ਕਰਕੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਪੰਜਾਬ ਵਿੱਚ ਤਾਂ ਆਕਸੀਜਨ ਅਤੇ ਕਰੋਨਾ ਵੈਕਸੀਨ ਦੀ ਘਾਟ ਹੋ ਗਈ ਹੈ ਅਤੇ ਕਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਤਾਂ ਬੈੱਡ ਹੀ ਨਹੀਂ ਮਿਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਦੋ ਵਾਰ ਚਿੱਠੀ ਲਿਖ ਕੇ ਪੰਜਾਬ ਵਿੱਚ ਕਰੋਨਾ ਵੈਕਸੀਨ ਅਤੇ ਆਕਸੀਜਨ ਦੀ ਸਪਲਾਈ ਜਲਦ ਕਰਨ ਦੀ ਅਪੀਲ ਵੀ ਕੀਤੀ ਹੈ, ਪਰ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਭਾਰਤੀ ਸੈਨਾ ਦੀ ਪੱਛਮੀ ਕਮਾਂਡ ਨੇ ਪੰਜਾਬ ਨੂੰ ਖ਼ਰਾਬ ਪਏ ਆਕਸੀਜਨ ਪਲਾਂਟ ਨੂੰ ਚਲਾਉਣ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ ਤੱਕ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪਹੁੰਚ ਕੀਤੀ ਸੀ। ਭਾਰਤੀ ਸੈਨਾ ਦੀ ਪੱਛਮੀ ਕਮਾਂਡ ਨੇ ਪੰਜਾਬ ਵਿੱਚ ਬਣਨ ਵਾਲੇ 100 ਬੈੱਡ ਸੀ.ਐੱਸ.ਆਈ.ਆਰ. ਹਸਪਤਾਲ ਲਈ ਤਕਨੀਕੀ ਅਤੇ ਸਿਹਤ ਸੇਵਾਵਾਂ ਲਈ ਮਦਦ ਦੀ ਵੀ ਪੇਸ਼ਕਸ ਕੀਤੀ ਹੈ।