Punjab

“ਪੰਜਾਬ ਦੇ ਹੱਕਾਂ ਜਿੱਥੇ ਵੀ ਖੜਨਾ ਪਿਆ ਖੜ੍ਹਾਂਗੇ , ਜਿੱਥੇ ਲੜਨਾ ਪਿਆ ਉੱਥੇ ਲੜ੍ਹਾਂਗੇ”

ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ (Shaheed-e-Azam Bhagat Singh) ਦਾ ਜਨਮ ਦਿਨ ਹੈ। 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਜਨਮ ਦਿਹਾੜਾ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ ਹਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਟਕੜ ਕਲਾਂ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਨਮੋਲ ਗਗਨ ਮਾਨ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੰਗਰੇਜ਼ਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ 28 ਸਤੰਬਰ ਨੂੰ ਉਨਾਂ ਦੇ 200 ਸਾਲ ਦੇ ਰਾਜ ਦੀਆਂ ਨੀਹਾਂ ਜੜੋਂ ਪੱਟਣ ਵਾਲਾ ਕੋਈ ਸੂਰਮਾ ਜਨਮ ਲਿਆ ਸਕਦਾ ਹੈ। ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਿਸ ਉਮਰ ਵਿੱਚ ਸਾਡੇ ਨੌਜਵਾਨ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹਨ ਉਸ ਉਮਰ ਵਿੱਚ ਭਗਸ ਸਿੰਘ ਅੰਗਰੇਜ਼ਾ ਤੋਂ ਦੇਸ਼ ਮੰਗਦੇ ਸਨ। ਮਾਨ ਨੇ ਕਿਹਾ ਕਿ ਜਿਸ ਸਮੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜ ਰਹੇ ਸੀ ਕਈ ਲੋਕ ਇਨ੍ਹਾਂ ਨੂੰ ਮਜ਼ਾਕ ਕਰਦੇ ਸੀ ਪਰ ਅੱਜ ਉਨ੍ਹਾਂ ਲੋਕਾਂ ਨੂੰ ਕੋਈ ਨਹੀਂ ਜਾਣਦਾ ਪਰ ਸ਼ਹੀਦ ਭਗਤ ਸਿੰਘ ਜੀ ਹੋਣਾ ਦੇ ਨਾਮ ‘ਤੇ ਮੇਲੇ ਲੱਗਦੇ ਨੇ।

ਮਾਨ ਨੇ ਕਿਹਾ ਕਿ ਗੋਰਿਆਂ ਨੇ ਕਦੇ ਸੋਚਿਆ ਨਹੀਂ ਸੀ ਹੋਣਾ ਕਿ ਕੋਈ ਸਿਰਫ਼ 20 ਸਾਲਾਂ ਦਾ ਯੋਧਾ ਉਨ੍ਹਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ ਸਾਨੂੰ ਸਾਡੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ। ਮਾਨ ਨੇ ਕਿਹਾ ਕਿ ਮੈਂ ਕਦੇ ਵੀ ਕੋਈ ਗੱਡੀ ਨਵੀਂ ਲੈਂਦਾ ਸੀ ਤਾਂ ਸ਼ਹੀਦ -ਏ -ਆਜ਼ਮ ਭਗਤ ਸਿੰਘ ਜੀ ਦੇ ਘਰ ਅੱਗੇ ਖੜ੍ਹਾ ਮੱਥਾ ਟੇਕ ਕੇ ਜਾਂਦਾ ਸੀ ਜੇ ਉਹ ਸਾਨੂੰ ਆਜ਼ਾਦ ਨਾ ਕਰਵਾਉਂਦੇ ਤਾਂ ਇਹ ਗੱਡੀਆਂ ਤੇ ਕੋਠੀਆਂ ਕਿੱਥੋਂ ਆਉਣੀਆਂ ਸੀ ਸਾਨੂੰ ਜੋ ਵੀ ਅੱਜ ਮਿਲ ਰਿਹਾ ਹੈ ਇਹ ਸਭ ਉਨ੍ਹਾਂ ਦੀ ਹੀ ਦੇਣ ਹੈ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਉਸ ਸਮੇਂ ਬਹੁਤ ਦੁੱਖ ਹੁੰਦਾ ਜਦੋਂ ਕਈ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ ਉਨ੍ਹਾਂ ਨੂੰ ਇਹੋ ਜਿਹੇ ਲੋਕਾਂ ਤੋਂ ਕੋਈ NOC ਲੈਣ ਦੀ ਲੋੜ ਨਹੀਂ ਅਸੀਂ ਸਹੁੰ ਚੁੱਕ ਸਮਾਗਮ ਖਟਕੜ ਕਲਾਂ ‘ਚ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ, ਤੁਹਾਨੂੰ ਸਭ ਪਤਾ ਹੈ ਕਿ ਪਹਿਲਾਂ ਵਾਲਿਆਂ ਨੇ ਕੀ ਕੀਤਾ ਹੈ ਸਾਰਾ ਸਿਸਟਮ ਤੇ ਅਫ਼ਸਰ ਉਹੀ ਨੇ ਪਰ ਪਿਛਲੇ ਡੇਢ ਸਾਲ ‘ਚ ਅਸੀਂ ਸਭ ਕੁਝ ਬਦਲ ਦਿੱਤਾ ਹੈ ,ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਜ਼ੀਰੋ ਬਿਜਲੀ ਬਿਲ, ਆਧੁਨਿਕ ਸਹੂਲਤਾਂ ਨਾਲ ਲੈਸ ਬਿਹਤਰੀਨ ਸਕੂਲ ਤੇ ਹਸਪਤਾਲ ਬਣਾਏ ਹਨ। ਮਾਨ ਨੇ ਕਿਹਾ ਕਿ ਅਸੀਂ ਸਕੂਲਾਂ ਦੇ ਸਿਲੇਬਸ ‘ਚ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਲੈ ਕੇ ਆਵਾਂਗੇ ਤੇ ਬੱਚਿਆਂ ਨੂੰ ਪੜ੍ਹਾਵਾਂਗੇ ਬਾਬੇ ਨਾਨਕ ਦਾ 20 ਨਾਲ਼ ਸ਼ੁਰੂ ਕੀਤਾ ਲੰਗਰ ਹੁਣ ਤੱਕ ਚੱਲ ਰਿਹਾ ਹੈ, ਇਸ ਤੋਂ ਵੱਡੀ FD ਕੋਈ ਨਹੀਂ ਹੋ ਸਕਦੀ।

ਮਾਨ ਨੇ ਕਿਹਾ ਕਿ ਪੰਜਾਬ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਵੱਲੋਂ 37 ਹਜ਼ਾਰ ਕਰੋੜ ਝੋਨੇ ਦੀ ਖਰੀਦ ਦੇ ਪੈਸੇ ਆ ਗਏ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਜਿੱਥੇ ਵੀ ਖੜਨਾ ਪਿਆ ਖੜ੍ਹਾਂਗੇ , ਜਿੱਥੇ ਲੜਨਾ ਪਿਆ ਉੱਥੇ ਲੜ੍ਹਾਂਗੇ। ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਲੋਕ ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਦੇਖਣ ਜਾਇਆ ਕਰਨਗੇ  ਅਤੇ ਨਾਨਕੇ ਪਿੰਡ ਮੋਰਾਂਵਾਲੀ ‘ਚ ਬਹੁਤ ਸ਼ਾਨਦਾਰ Museum ਤੇ Library ਬਣਾਵਾਂਗੇ।