Punjab

ਖਹਿਰਾ ਸਰਹੱਦ ਪਾਰ ਤੋਂ ਰਹੀ ਤਸਕਰੀ ‘ਚ ਵੀ ਸ਼ਾਮਲ : ਮਾਲਵਿੰਦਰ ਕੰਗ

Khaira is also involved in smuggling from across the border: Malvinder Kang

ਚੰਡੀਗੜ੍ਹ : ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਇਸ ਗ੍ਰਿਫ਼ਤਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਾਖੋਰੀ ਦੇ ਤਹਿਤ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।

ਪੰਜਾਬ ਸਰਕਾਰ ਨੇ ਕਾਂਗਰਸ ਦੇ ਇਸ ਇਲਜ਼ਾਮ ਦਾ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਪੂਰੇ ਕਾਨੂੰਨੀ ਤਰੀਕੇ ਨਾਲ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਖ਼ਿਲਾਫ ਪੂਰੀ ਤਰ੍ਹਾਂ ਸਖਤ ਹੈ ਅਤੇ ਨਸ਼ੇ ਦੇ ਮਾਮਲਿਆਂ ‘ਚ ਸ਼ਾਮਲ ਕਿਸੇ ਨਾਲ ਵੀ ਕੋਈ ਵੀ ਲਿਹਾਜ਼ ਨਹੀਂ ਕੀਤੀ ਜਾਵੇਗੀ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਖ਼ਿਲਾਫ ਬੜੀ ਸੰਜ਼ੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਅੱਜ ਇਸੇ ਤਹਿਤ ਅੱਜ ਨਸ਼ਾ ਤਸਕਰੀ ਦੇ ਕੇਸ ਦੇ ਆਧਾਰ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੰਗ ਨੇ ਕਿਹਾ ਕਿ ਇਸ ਕੇਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2015 ਵੇਲੇ ਹੋਈ ਸੀ। ਕੰਗ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਖ਼ਿਲਾਫ ਫਾਜ਼ਿਲਕਾ ‘ਚ 15-3-2015 ਨੂੰ ਇੱਕ FIR ਦਰਜ ਕੀਤੀ ਗਈ ਸੀ ਜਿਸਦੇ ਲਿੰਕ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੱਕ ਜੁੜੇ ਸਨ।

ਕੰਗ ਨੇ ਕਿਹਾ ਕਿ ”2022 ‘ਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਬਰੀ ਨਹੀਂ ਕੀਤਾ ਸੀ ਸਗੋਂ ਕਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ ਹਨ, ਉਨ੍ਹਾਂ ‘ਤੇ ਜਾਂਚ ਅਤੇ ਕਾਰਵਾਈ ਜਾਰੀ ਰਹਿ ਸਕਦੀ ਹੈ। ਕੰਗ ਨੇ ਕਿਹਾ ਕਿ ਕੇਸ ਤੋਂ ਬਚਣ ਲਈ ਸੁਖਪਾਲ ਖਹਿਰਾ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

ਸੁਖਪਾਲ ਖਹਿਰਾ ਦਾ ਸਿੱਧਾ-ਸਿੱਧਾ ਨਾਮ (ਆ ਰਿਹਾ ਹੈ) ਅਤੇ ਜਿਸ ਤਰੀਕੇ ਨਾਲ ਮਨੀ ਲਾਂਡਰਿੰਗ ਸ਼ਾਮਲ ਹੈ ਅਤੇ ਸਰਹੱਦ ਪਾਰ ਇਨ੍ਹਾਂ ਦੇ ਲਿੰਕ ਹਨ। ਇਨ੍ਹਾਂ ਦੇ ਨਾਲ ਵਾਲੇ ਲੋਕ ਪਹਿਲਾਂ ਹੀ ਦੋਸ਼ੀ ਸਾਬਤ ਹੋ ਚੁੱਕੇ ਹਨ।’ ਕੰਗ ਨੇ ਕਿਹਾ ਕਿ ਜੇਕਰ ਸਿਆਸੀ ਬਦਲਾਖੋਰੀ ਕਰਨੀ ਹੁੰਦੀ ਤਾਂ ਡੇਢ ਸਾਲ ਤੋਂ ਮਾਨ ਸਾਬ੍ਹ ਦੀ ਸਰਕਾਰ ਹੈ, ਪਹਿਲਾਂ ਨਾ ਚਕਵਾ ਲੈਂਦੇ।’

ਕੰਗ ਨੇ ਕਿਹਾ ਕਿ ਕਿਹਾ ਕਿ ”2015 ਵਾਲੇ ਡਰੱਗ ਮਾਮਲੇ ਵਿੱਚ ਸ਼ਾਮਲ ਗੁਰਦੇਵ ਸਿੰਘ, ਖਹਿਰਾ ਦਾ ਰਾਈਟ ਹੈਂਡ ਸੀ ਅਤੇ ਉਸ ਦੇ ਬਿਆਨ ਦੇ ਅਧਾਰ ‘ਤੇ ਖਹਿਰਾ ਦੇ ਖਿਲਾਫ ਈਡੀ ਨੇ ਜੋ ਕਾਰਵਾਈ ਸ਼ੁਰੂ ਕੀਤੀ, ਉਸ ‘ਚ ਇਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।” ਉਨ੍ਹਾਂ ਕਿਹਾ ਕਿ ”ਕੇਸ ਵੀ ਸਾਡੇ ਸਮੇਂ ਦਾ ਨਹੀਂ ਹੈ ਤੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਵੀ ਸਾਡੇ ਵੇਲੇ ਨਹੀਂ ਹੋਈ, ਅੱਜ ਦੂਜੀ ਵਾਰ ਹੋਈ ਹੈ। ਪਹਿਲਾਂ ਕਾਂਗਰਸ ਦੇ ਟਾਈਮ ਹੋਈ ਸੀ।”

ਕੰਗ ਨੇ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਸੂਬੇ ‘ਚ ਨਸ਼ਾ ਤਸਕਰੀ ਦੇ ਖ਼ਿਲਾਫ਼ ਹਨ ਤਾਂ ਉਨ੍ਹਾਂ ਨੂੰ ਇਸ ਕਾਰਵਾਈ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹ ਸਮਝ ਲਿਆ ਜਾਵੇਗਾ ਕਿ ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਹਨ।