ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਲਈ ਹਾਮੀ ਭਰੀ ਹੈ। ਉਹ ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੇਗਾ। ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਦਾ ਆਗਾਜ਼ ਸੰਗਤਾਂ ਦਾ ਇਕੱਠ ਸੱਦ ਕੇ ਕੀਤਾ ਜਾਵੇਗਾ ਤਾਂ ਕਿ ਕਲਗੀਧਰ ਪਾਤਸ਼ਾਹ ਦਾ ਅਸ਼ੀਰਵਾਦ ਤੇ ਸੰਗਤਾਂ ਦਾ ਸਹਿਯੋਗ ਲਿਆ ਜਾ ਸਕੇ।
ਖਡੂਰ ਸਾਹਿਬ ਸੀਟ ਪੰਥਕ ਸੀਟ ਹੈ, 1989 ਵਿੱਚ ਜਦੋਂ ਇਸ ਨੂੰ ਤਰਨਤਾਰਨ ਸੀਟ ਵਜੋਂ ਜਾਣਿਆ ਜਾਂਦਾ ਸੀ ਤਾਂ ਸਿਮਰਨਜੀਤ ਸਿੰਘ ਮਾਨ ਨੇ ਵੀ ਜੇਲ੍ਹ ਤੋਂ ਰਹਿਕੇ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਤਕਰੀਬਨ 5 ਲੱਖ ਦੇ ਰਿਕਾਰਡ ਮਾਰਜਨ ਨਾਲ ਸੀਟ ਜਿੱਤੀ ਸੀ। ਦੱਸ ਦੇਈਏ ਮਾਤਾ ਬਲਵਿੰਦਰ ਕੌਰ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਉਸ ਦੇ ਚੋਣ ਲੜਨ ਦੀ ਹਾਮੀ ਭਰੀ ਸੀ।
ਮਾਤਾ ਬਲਵਿੰਦਰ ਕੌਰ ਨੇ ਸਾਰਾਗੜ੍ਹੀ ਨੇੜੇ ਲੱਗੇ ਪੱਕੇ ਮੋਰਚੇ ਦੇ ਸਥਾਨ ਤੋਂ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦੀਆਂ ਸੰਗਤਾਂ ਤੇ ਪੰਚਾਇਤਾਂ ਮੰਗ ਕਰਦੀਆਂ ਹਨ। ਇਹ ਸਮੇਂ ਦੀ ਮੰਗ ਹੈ, ਕਿਉਂਕਿ ਸਰਕਾਰ ਨੌਜਵਾਨਾਂ ਉੱਤੇ ਤਸ਼ੱਦਦ ਕਰ ਰਹੀ ਹੈ। ਉਨ੍ਹਾਂ ਨੂੰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ੍ਹ ਜੇਲ੍ਹ ਕੈਦ ਕੀਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਇੱਕ ਮੁਲਾਕਾਤ ਕਰਨ ਲਈ ਵੀ ਕਈ ਤਰ੍ਹਾਂ ਦੇ ਅੜਿੱਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਧਾਰਮਿਕ ਚੇਤਨਾ ਮਾਰਚ ਕੱਢਣ ਦੀ ਵੀ ਇਜਾਜ਼ਤ ਨਹੀਂ ਤੇ ਸਰਕਾਰ ਨੇ ਬੀਬੀਆਂ ਨੂੰ ਵੀ ਜੇਲ੍ਹਾਂ ਵਿੱਚ ਸੁੱਟਣ ਤੋਂ ਗੁਰੇਜ਼ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਤੇ ਸਰਕਾਰ ’ਤੇ ਦਬਾਅ ਪਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਕੱਲ੍ਹ ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਚਾਚਾ ਉਨ੍ਹਾਂ ਨੂੰ ਮਿਲਣ ਜੇਲ੍ਹ ਗਏ ਤਾਂ ਏਜੰਸੀਆਂ ਦੀ ਮੌਜੂਦਗੀ ਕਰਕੇ ਉਹ ਅੰਮ੍ਰਿਤਪਾਲ ਸਿੰਘ ਨਾਲ ਨਾਲ ਕੋਈ ਗੱਲ ਨਾ ਕਰ ਸਕੇ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ।
ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਖ਼ੁਦ ਚੋਣ ਲੜਨ ਦੇ ਹੱਕ ਵਿੱਚ ਨਹੀਂ ਸੀ। ਉਹ ਇਹ ਮਹਿਸੂਸ ਕਰਦਾ ਹੈ ਕਿ ਕੌਮ ਦਾ ਕੋਈ ਪੱਕਾ ਤੇ ਸਦੀਵੀ ਹੱਲ ਨਹੀਂ। ਪਰ ਹੁਣ ਹਾਲਾਤ ਇਹ ਮੰਗ ਕਰ ਰਹੇ ਹਨ ਕਿ ਫਿਲਹਾਲ ਸਾਨੂੰ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਅਤੇ ਫਿਲਹਾਲ ਚੋਣ ਲੜਨਾ ਠੀਕ ਰਹੇਗਾ।