Punjab

‘CM ਪੰਜਾਬ ਦੇ ਸਰਕਾਰੀ ਘਰ ‘ਚ ਰਾਘਵ ਚੱਢਾ ਦੀ ਸਗਾਈ ਕਿਵੇਂ’ ? ‘ਮੰਨ ਲਿਆ ਜਾਵੇਂ ਸੁਪਰ ਮੁੱਖ ਮੰਤਰੀ’?

ਬਿਊਰੋ ਰਿਪੋਰਟ : ਆਪ ਆਗੂ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਦੀ ਸਗਾਈ ‘ਤੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਵਾਲ ਚੁੱਕੇ ਹਨ । ਪਹਿਲਾਂ ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਦੀ ਸਮਾਗਮ ਵਿੱਚ ਸ਼ਮੂਲੀਅਤ ਨੂੰ ਲੈਕੇ ਸਵਾਲ ਖੜੇ ਕੀਤੇ ਸਨ ਅਤੇ ਹੁਣ ਦਿੱਲੀ ਵਿੱਚ ਪੰਜਾਬ ਦੇ ਮੁੱਖ ਮਤਰੀ ਨਿਵਾਸ ਅਸਥਾਨ ਕਪੂਰਥਲਾ ਹਾਊਸ ਵਿੱਚ ਹੋਏ ਸਗਾਈ ਦੇ ਪ੍ਰੋਗਰਾਮ ਨੂੰ ਲੈਕੇ ਗੰਭੀਰ ਇਲਜ਼ਾਮ ਲਗਾਏ । ਉਨ੍ਹਾਂ ਨੇ ਰਾਘਵ ਚੱਢਾ ਨੂੰ ਸੁਪਰ ਸੀਐੱਮ ਦੱਸ ਦੇ ਹੋਏ ਮੁੱਖ ਮੰਤਰੀ ਭਗੰਵਤ ਮਾਨ ਨੂੰ ਸਵਾਲ ਕੀਤਾ ਕਿ ਹੁਣ ਮੰਨ ਲਿਆ ਜਾਵੇ ਕੀ ਰਾਘਵ ਚੱਢਾ ਹੀ ਪੰਜਾਬ ਦੇ ਅਸਲੀ ਮੁੱਖ ਮੰਤਰੀ ਹਨ ਜਿੰਨਾਂ ਦੇ ਲਈ 70 ਸਾਲ ਦੀ ਰਵਾਇਤ ਤੋੜੀ ਗਈ ਗਈ । ਵਲਟੋਹਾ ਨੇ ਕਪੂਰਥਲਾ ਹਾਊਸ ਦੀ ਇਤਿਹਾਸ ਇਮਾਰਤ ਨੂੰ ਮੈਰਿਜ ਪੈਲੇਸ ਬਣਾਉਣ ‘ਤੇ ਵੀ ਤੰਜ ਕੱਸਿਆ । ਵਲਟੋਹਾ ਨੇ ਸੋਸ਼ਲ ਮੀਡੀਆ ਅਕਾਉਂਟ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਸਵਾਲ ਕੀਤੇ ਅਤੇ ਜਾਂਚ ਦੀ ਚੁਣੌਤੀ ਵੀ ਦਿੱਤੀ । ਉਧਰ ਆਪ ਨੇ ਵੀ ਵਲਟੋਹਾ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ ।

ਵਲਟੋਹਾ ਨੇ ਕੀਤੀ ਜਾਂਚ ਦੀ ਮੰਗ

ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ‘ਭਗਵੰਤ ਮਾਨ ਜੀ ! ਕੀ ਹੁਣ ਏਹਨੂੰ ਵੀ ਬਦਲਾਅ ਹੀ ਸਮਝੀਏ ? ਸਭ ਤੋਂ ਪਹਿਲਾਂ ਸ਼੍ਰੀ ਰਾਘਵ ਚੱਢਾ ਤੇ ਬੀਬਾ ਪਰਣੀਤੀ ਚੋਪੜਾ ਦੀ ਜੋੜੀ ਨੂੰ ਉਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ engagement ਦੀ ਵਧਾਈ ਦੇਂਦੇ ਹਾਂ। ਦਿੱਲੀ ਦਾ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀ ਦਾ ਆਫੀਸੀਅਲ ਰੈਜੀਡੈਂਸ ਹੈ।ਜਿੱਥੇ ਕੇਵਲ ਮੁੱਖ ਮੰਤਰੀ ਹੀ ਨਿਵਾਸ ਕਰ ਸਕਦੇ ਹਨ ਅਤੇ ਨਿਯਮਾਂ ਅਨੁਸਾਰ ਕਿਸੇ ਹੋਰ ਦੇ ਠਹਿਰਨ ਲਈ ਵੀ ਕਪੂਰਥਲਾ ਹਾਊਸ ‘ਚ ਬੁਕਿੰਗ ਤੱਕ ਨਹੀਂ ਹੋ ਸਕਦੀ।ਪਰ ਏਥੇ ਤਾਂ ਸ਼੍ਰੀ ਰਾਘਵ ਚੱਢਾ ਜੀ ਦੀ ਮੰਗਣੀ ਦੇ ਪ੍ਰਾਈਵੇਟ ਸਮਾਗਮ ਤੱਕ ਕਰ ਦਿੱਤੇ ਗਏ ਹਨ।ਕੀ ਹੁਣ ਇਹ ਪੱਕਾ ਮੰਨ ਲਿਆ ਜਾਵੇ(ਜੋ ਆਮ ਹੀ ਚਰਚਾ ਹੈ) ਕਿ ਸ਼੍ਰੀ ਰਾਘਵ ਚੱਢਾ ਪੰਜਾਬ ਦੇ “ਸੁਪਰ ਮੁੱਖ ਮੰਤਰੀ” ਹਨ ? 70 ਸਾਲਾਂ ਅੰਦਰ ਕਪੂਰਥਲਾ ਹਾਊਸ ਦੀ ਕਦੇ ਪ੍ਰਾਈਵੇਟ ਬੁਕਿੰਗ ਨਹੀਂ ਹੋਈ। ਫਿਰ ਨਿਯਮਾਂ ਦੀ ਉਲੰਘਣਾ ਕਰਕੇ ਇਹ ਬੁਕਿੰਗ ਕਿਉਂ ਕੀਤੀ ਗਈ ? ਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਬਣਦੀ ਹੋਈ ਕਾਰਵਾਈ ਹੋਵੇਗੀ ? ਜੇਕਰ ਬੁਕਿੰਗ ਵੀ ਨਹੀਂ ਹੋਈ ਤੇ ਓਥੇ ਪ੍ਰਾਈਵੇਟ ਸਮਾਗਮ ਤੱਕ ਕਰ ਦਿੱਤਾ ਗਿਆ,ਕੀ ਇਸ ਸੰਬੰਧੀ ਸੰਬੰਧਿਤਾਂ ‘ਤੇ ਐਕਸ਼ਨ ਲਵੋਗੇ ? ਮੈਨੂੰ ਇਹ ਵੀ ਖਤਰਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਕਈ ਮੰਤਰੀ ਅਤੇ MLA ਅਜੇ ਵੀ ਕੁਆਰੇ ਹਨ ਅਤੇ ਆਉਣ ਵਾਲੇ ਸਮੇਂ ‘ਚ ਪੰਜਾਬ ਦੀ ਇਹ ਇਤਿਹਾਸਕ ਵਿਰਾਸਤ ਕਪੂਰਥਲਾ ਹਾਊਸ ਕਿਤੇ ਮੈਰਿਜ ਪੈਲੇਸ ਹੀ ਨਾਂ ਬਣਾ ਦਿੱਤਾ ਜਾਵੇ। ਜਾਣਕਾਰੀ ਦੀ ਉਡੀਕ ਵਿੱਚ,-ਵਿਰਸਾ ਸਿੰਘ ਵਲਟੋਹਾ’ ।

ਆਪ ਵੱਲੋਂ ਜਵਾਬ

ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਰਾਘਵ ਚੱਢਾ ਦੇ ਕਪੂਰਥਲਾ ਹਾਊਸ ਵਿੱਚ ਹੋਏ ਪ੍ਰੋਗਰਾਮ ‘ਤੇ ਸਵਾਲ ਚੁੱਕਣ ਤੋਂ ਬਾਅਦ ਆਪ ਦੇ ਬੁਲਾਰੇ ਮਲਵਿੰਦਰ ਸਿੰਖ ਕੰਗ ਨੇ ਜਵਾਬ ਦਿੱਤਾ । ਉਨ੍ਹਾਂ ਕਿਹਾ ਅਕਾਲੀ ਦਲ ਦੇ ਕੋਲ ਹੁਣ ਕੋਈ ਹੋਰ ਮੁੱਦਾ ਨਹੀਂ ਬਚਿਆ ਹੈ । ਹੁਣ ਇਹ ਨਿੱਜੀ ਸਮਾਗਮਾਂ ‘ਤੇ ਵੀ ਸਵਾਲ ਚੁੱਕ ਰਹੇ ਹਨ । ਉਨ੍ਹਾਂ ਕਿਹਾ ਇਹ ਸਮਾਗਮ ਮੁੱਖ ਮੰਤਰੀ ਵੱਲੋਂ ਕਰਵਾਇਆ ਗਿਆ ਸੀ । ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਇੱਥੇ ਅਜਿਹੇ ਸਮਾਗਮ ਕਰਦੇ ਆ ਰਹੇ ਹਨ । ਕੰਗ ਨੇ ਕਿਹਾ ਅਕਾਲੀ ਦਲ ਪਹਿਲਾਂ ਵੀ ਨਿੱਜੀ ਹਮਲੇ ਕਰਦਾ ਰਿਹਾ ਹੈ ਅਤੇ ਹੁਣ ਵੀ ਕਰ ਰਿਹਾ ਹੈ ।

ਵਿਵਾਦਾਂ ਨਾਲ ਹੈ ਕਪੂਰਥਲਾ ਹਾਊਸ ਦਾ ਰਿਸ਼ਤਾ

ਕਪੂਰਥਲਾ ਹਾਊਸ ਦਾ ਵਿਵਾਦਾਂ ਨਾਲ ਸ਼ੁਰੂ ਤੋਂ ਰਿਸ਼ਤਾ ਰਿਹਾ ਹੈ । ਇਸ ਦੀ ਜਾਇਦਾਦ ਦੇ ਹੱਕ ਨੂੰ ਲੈਕੇ ਕਈ ਕੇਸ ਹੋਏ । ਭਾਰਤ ਸਰਕਾਰ ਵੱਲੋਂ ਸਾਬਕਾ ਮਹਾਰਾਜਾ ਦੀ ਇਸ ਆਲੀਸ਼ਾਨ ਜਾਇਦਾਦ ਦੇ ਅਧਿਕਾਰ ਨੂੰ ਲੈਕੇ ਦਿੱਲੀ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਨੂੰ 31 ਜੁਲਾਈ 2019 ਨੂੰ ਖਾਰਿਜ ਕਰ ਦਿੱਤਾ । ਫੈਸਲੇ ਦੌਰਾਨ ਅਦਾਲਤ ਨੇ ਕਿਹਾ ਮਾਨ ਸਿੰਘ ਰੋਡ ਨੰਬਰ 3 ਦੀ ਜਾਇਦਾਦ ਨੂੰ ਵੇਚਿਆ ਨਹੀਂ ਜਾ ਸਕਦਾ ਹੈ,ਕਿਉਂਕਿ ਤਤਕਾਲੀ ਮਹਾਰਾਜ ਨੇ ਇਸ ਜਾਇਦਾਦ ਨੂੰ ਵੇਚਣ ਦਾ ਅਧਿਕਾਰ ਗਵਾ ਦਿੱਤਾ ਸੀ । ਕਪੂਰਥਲਾ ਹਾਊਸ ਨੂੰ 4 ਦਸੰਬਰ,1950 ਨੂੰ ਭਾਰਤ ਸਰਕਾਰ ਦੇ ਜ਼ਰੀਏ ਰਾਧੇਸ਼ਾਮ ਸੇਕਸਰਿਆ ਤੋਂ ਕਬਜ਼ਾ ਲਿਆ ਸੀ ਜਿੰਨਾਂ ਨੇ ਕਪੂਰਥਲਾ ਰਿਆਸਤ ਦੇ ਸਾਬਕਾ ਮਹਾਰਾਜਾ ਪਰਮਜੀਤ ਸਿੰਘ ਕੋਲੋ 10 ਜਨਵਰੀ 1950 ਨੂੰ 1 ਲੱਖ 50 ਹਜ਼ਾਰ ਵਿੱਚ ਰਜਿਸਟਰਡ ਸੇਲ ਡੀਡ ਦੇ ਜ਼ਰੀਏ ਖਰੀਦਿਆ ਸੀ । ਵਿਵਾਦ ਦੀ ਸ਼ੁਰੂਆਤ ਤਾਂ ਹੋਈ ਜਦੋਂ ਰਾਧੇਸ਼ਾਮ ਸੇਕਸਰਿਆ ਨੇ 1960 ਵਿੱਚ ਜ਼ਿਲ੍ਹਾਂ ਅਦਾਲਤ ਦਿੱਲੀ ਵਿੱਚ ਆਪਣੀ ਜਾਇਦਾਦ ਦੇ ਹੱਕ ਲਈ ਕੇਸ ਦਾਇਰ ਕੀਤਾ ਸੀ । ਜੋ ਕਿ 1967 ਨੂੰ ਦਿੱਲੀ ਹਾਈਕੋਰਟ ਭੇਜ ਦਿੱਤਾ ਗਿਆ ਸੀ । ਕੇਸ ਦੇ ਦੌਰਾਨ ਸੇਕਸਰਿਆ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੇ 4 ਬੱਚਿਆਂ ਵੱਲੋਂ ਕਾਨੂੰਨੀ ਕੇਸ ਲੜਿਆ ਗਿਆ । ਪਰ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਦੀ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਨੇ ਇਸ ਨੂੰ ਵੇਚਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਇਹ ਹੁਣ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਵਿੱਚ ਸਰਕਾਰੀ ਘਰ ਹੈ ।