ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਬੀਜੇਪੀ ਵੱਲੋਂ ਮੰਡੀ ਤੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਹਨ ਤੇ ਉਸ ਨੂੰ ਟੱਕਰ ਦੇਣ ਲਈ ਕਾਂਗਰਸ ਵੱਲੋਂ ਨੌਜਵਾਨ ਆਗੂ ਵਿਕਰਮਾਦਿੱਤਿਆ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਇਹ ਐਲਾਨ ਕੀਤਾ ਹੈ।
ਇਸ ਸਮੇਂ ਪ੍ਰਤਿਭਾ ਸਿੰਘ ਮੰਡੀ ਦੀ ਸੀਟ ਤੋਂ ਸੰਸਦ ਮੈਂਬਰ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਵਿਕਰਮਾਦਿੱਤਿਆ ਸਿੰਘ ਦੀ ਮਾਂ ਪ੍ਰਤਿਭਾ ਸਿੰਘ ਨੇ ਪਹਿਲਾਂ ਹੀ ਚੋਣਾਵੀਂ ਦੌੜ ‘ਚੋਂ ਬਾਹਰ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕਰ ਦਿੱਤਾ ਸੀ। ਹੁਣ ਉਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ ਇਸ ਸੀਟ ਤੋਂ ਚੋਣ ਲੜੇ।
ਹਾਲਾਂਕਿ ਅਜੇ ਪਾਰਟੀ ਨੇ ਉਨ੍ਹਾਂ ਦੇ ਨਾਂ ਦਾ ਅਧਿਕਾਰਿਤ ਐਲਾਨ ਨਹੀਂ ਕੀਤਾ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਇਸ ਦੇ ਸੰਕੇਤ ਦਿੱਤੇ ਹਨ। ਚਰਚਾਵਾਂ ਇਹ ਵੀ ਹਨ ਕਿ ਦਿੱਲੀ ‘ਚ ਹੋਈ ਸੀਈਸੀ ਦੀ ਬੈਠਕ ਵਿੱਚ ਵਿਕਰਮਾਦਿੱਤਿਆ ਸਿੰਘ ਦੇ ਨਾਂ ‘ਤੇ ਚਰਚਾ ਹੋਈ ਹੈ। ਸੀਐਮ ਸੁੱਖੂ ਨੇ ਕਿਹਾ ਹੈ ਕਿ ਇਹ ਤੈਅ ਹੈ ਕਿ ਸਾਨੂੰ ਮੰਡੀ ਤੋਂ ਨੌਜਵਾਨ ਆਗੂ ਮਿਲੇਗਾ। ਪ੍ਰਤਿਭਾ ਸਿੰਘ ਨੇ ਵੀ ਕਿਹਾ ਕਿ ਵਿਕਰਮਾਦਿੱਤਿਆ ਸਿੰਘ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਗਿਆ ਹੈ।
ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਅੰਦਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ। ਜੇ ਵਿਕਰਮਾਦਿੱਤਿਆ ਸਿੰਘ ਨੂੰ ਮੰਡੀ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਕਾਂਗਰਸ ਅੰਦਰ ਚੱਲ ਰਹੀ ਫੁੱਟ ਨੂੰ ਭਰਨ ਵਿੱਚ ਮਦਦ ਮਿਲੇਗੀ।
ਕਰਾਸ ਵੋਟਿੰਗ ਦੇ ਚੱਲਦੇ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸੁੱਖੂ ਸਰਕਾਰ ਲਈ ਕਥਿਤ ਤੌਰ ‘ਤੇ ਖਤਰਾ ਬਣ ਆਇਆ ਸੀ। ਵਿਕਰਮਾਦਿਤਿਆ ਨੂੰ ਮੈਦਾਨ ਵਿੱਚ ਉਤਾਰ ਕੇ ਕਾਂਗਰਸ ਹਾਈਕਮਾਂਡ ਸੂਬਾ ਕਾਂਗਰਸ ਵਿੱਚ ਚੱਲ ਰਹੀ ਧੜੇਬੰਦੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗੀ।