ਚੰਡੀਗੜ੍ਹ : ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ‘ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਇਹ ਛਾਪੇਮਾਰੀ ਆਮਦਮ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਵਿਜੀਲੈਂਸ ਦੀ ਇਕ ਟੈਕਨੀਕਲ ਟੀਮ ਅੱਜ ਕਿੱਕੀ ਢਿੱਲੋਂ ਦੇ ਨਿਰਮਾਣ ਅਧੀਨ ਫ਼ਾਰਮ ਹਾਉਸ ‘ਤੇ ਪੁੱਜੀ ਜਿਸ ਵੱਲੋਂ ਇਸ ਫ਼ਾਰਮ ਹਾਊਸ ਦੀ ਪੈਮਾਇਸ਼ ਅਤੇ ਮੁਲਾਂਕਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਿੱਕੀ ਢਿੱਲੋਂ ਦਾ ਇਹ ਫ਼ਾਰਮ ਹਾਊਸ ਪਿੰਡ ਮਾਨਕਪੁਰ ਸ਼ਰੀਫ਼ ਦਾ ਰਕਬਾ ਹੈ ਜਿਹੜਾ ਸਿਸਵਾਂ ਦੇ ਨੇੜੇ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫ਼ਾਰਮ ਹਾਉਸ ਸਿਸਵਾਂ ਵਿਖੇ ਸਥਿਤ ਹੈ। ਜ਼ਿਕਰਯੋਗ ਹੈ ਕਿ ਸ: ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪਹਿਲਾਂ ਹੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਰਾਡਾਰ ਹੇਠ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿੱਕੀ ਢਿੱਲੋਂ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਧਾਰ ’ਤੇ ਨੋਟਿਸ ਜਾਰੀ ਕਰਕੇ ਵਿਜੀਲੈਂਸ ਵਿਭਾਗ ਨੇ ਤਲਬ ਕੀਤਾ ਸੀ। 30 ਜਨਵਰੀ ਨੂੰ ਫ਼ਰੀਦਕੋਟ ਦੇ ਵਿਜੀਲੈਂਸ ਦਫ਼ਤਰ ਵਿਖੇ ਤਲਬ ਕਰਕੇ ਸਵਾਲ ਜਵਾਬ ਕੀਤੇ ਗਏ ਸਨ। ਉਨ੍ਹਾਂ ‘ਤੇ ਹੋਰ ਜਾਇਦਾਦਾਂ ਬਣਾਉਣ ਤੋਂ ਇਲਾਵਾ ਇਹ ਵੀ ਦੋਸ਼ ਸੀ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਹੀ ਉਨ੍ਹਾਂ ਨੇ ਫ਼ਰੀਦਕੋਟ ਵਿੱਚ ਹੀ 70 ਏਕੜ ਜ਼ਮੀਨ ਖ਼ਰੀਦੀ ਸੀ।
ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵਿਜੀਲੈਂਸ ਵਿਭਾਗ ਦੇ ਦਫਤਰ ਮੂਹਰੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਵਿਜੀਲੈਂਸ ਵਿਭਾਗ ਨੇ ਜੋ ਜਾਣਕਾਰੀਆਂ ਮੰਗੀਆਂ ਹਨ, ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ।