’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਹੋਰ ਤੇਜ਼ ਹੋ ਰਿਹਾ ਹੈ। ਦੇਸ਼ ਭਰ ਵਿੱਚੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ। ਉੱਧਰ ਕੇਂਦਰ ਸਰਕਾਰ ਦੀ ਰਣਨੀਤੀ ਤਹਿਤ ਕੋਸ਼ਿਸ਼ ਹੈ ਕਿ ਕਿਸੇ ਵੀ ਹਾਲਾਤ ਵਿੱਚ ਹੋਰ ਕਿਸਾਨਾਂ ਨੂੰ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ। ਮੋਦੀ ਸਰਕਾਰ ਵੱਲੋਂ ਸਾਰੇ ਬੀਜੇਪੀ ਮੁੱਖ ਮੰਤਰੀਆਂ ਨੂੰ ਇਸ ਸਬੰਧੀ ਖ਼ਾਸ ਨਿਰਦੇਸ਼ ਦਿੱਤੇ ਗਏ ਹਨ।
ਹੁਣ ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। UP ਦੇ ਸੰਭਲ ਵਿੱਚ ਤਾਂ 6 ਕਿਸਾਨਾਂ ਨੂੰ ਤਾਂ SDM ਵੱਲੋਂ 50 ਲੱਖ ਤਕ ਦੇ ਨੋਟਿਸ ਵੀ ਭੇਜ ਦਿੱਤੇ ਗਏ ਜੋ ਵਿਵਾਦ ਹੋਣ ਮਗਰੋਂ 50 ਹਜ਼ਾਰ ਵਿੱਚ ਤਬਦੀਲ ਕਰ ਦਿੱਤੇ ਗਏ। ਸਫ਼ਾਈ ਵਿੱਚ ਕਿਹਾ ਗਿਆ ਹੈ ਦੋ ਜ਼ੀਰੋ ਗ਼ਲਤੀ ਨਾਲ ਵੱਧ ਪੈ ਗਏ ਸੀ।
ਉੱਤਰ ਪ੍ਰਦੇਸ਼ ਵਿੱਚ ਕਿਸਾਨ ਏਕਤਾ ਸੰਗਠਨ ਵੱਲੋਂ ਸ਼ੁੱਕਰਵਾਰ ਨੂੰ ਕਾਲਿੰਦੀ ਕੁੰਜ ਬਾਰਡਰ ਤੋਂ ਦਿੱਲੀ ਕੂਚ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੋਰਨ ਪ੍ਰਧਾਨ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਘਰਾਂ ’ਚ ਹੀ ਨਜ਼ਰਬੰਦ ਕਰ ਦਿੱਤਾ ਹੈ।
ਕਿਸਾਨ ਏਕਤਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੋਰਨ ਪ੍ਰਧਾਨ ਨੇ ਕਲ੍ਹ ਐਲਾਨ ਕੀਤਾ ਸੀ ਕਿ ਸੰਗਠਨ ਦੇ ਅਹੁਦੇਦਾਰ ਖੇਤੀ ਕਾਨੂੰਨਾਂ ਵਿਰੁੱਧ ਸ਼ੁੱਕਰਵਾਰ ਨੂੰ ਕਾਲਿੰਦੀ ਕੁੰਜ ਬਾਰਡਰ ਤੋਂ ਦਿੱਲੀ ਜਾਣਗੇ। ਨੋਇਡਾ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਸੋਰਨ ਪ੍ਰਧਾਨ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ।
ਸੋਰਨ ਪ੍ਰਧਾਨ ਨੇ ਦੋਸ਼ ਲਾਇਆ ਕਿ ਸਰਕਾਰ ਪੁਲਿਸ ਦੇ ਦਮ ’ਤੇ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਤੋਂ ਕਿਸਾਨ ਦੱਬਣ ਅਤੇ ਝੁਕਣ ਵਾਲੇ ਨਹੀਂ ਹਨ ਅਤੇ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਤੁਰੰਤ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।
ਇਸ ਸਬੰਧੀ ਪੁਲਿਸ ਕਮਿਸ਼ਨਰ (ਜੋਨ ਤੀਜਾ) ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਜਨਪਦ ’ਚ ਧਾਰਾ 144 ਲਾਗੂ ਹੈ। ਉਨ੍ਹਾਂ ਕਿਹਾ ਕਿ ਧਾਰਾ 144 ਦਾ ਪਾਲਣ ਕਰਾਉਣ ਲਈ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ’ਚ ਨਜ਼ਰਬੰਦ ਕੀਤਾ ਹੈ। ਜਦਕਿ ਭਾਰਤੀ ਕਿਸਾਨ ਯੂਨੀਅਨ (ਭਾਨੂ) ਦਾ ਧਰਨਾ ਅੱਜ 17ਵੇਂ ਦਿਨ ਚਿੱਲਾ ਬਾਰਡਰ ’ਤੇ ਜਾਰੀ ਹੈ। ਧਰਨੇ ਕਰਕੇ ਦਿੱਲੀ ਵਾਲੇ ਪਾਸੇ ਜਾਣ ਵਾਲਾ ਰਸਤਾ ਅੱਜ ਵੀ ਬੰਦ ਰਿਹਾ। ਹਾਲਾਂਕਿ ਬੀਕੇਯੂ (ਭਾਨੂ) ਦੇ ਸੂਬਾ ਪ੍ਰਧਾਨ ਠਾਕੁਰ ਯੋਗੇਸ਼ ਪ੍ਰਤਾਪ ਸਿੰਘ ਨੇ ਵੀਰਵਾਰ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।
ਧਰਨੇ ’ਤੇ ਬੈਠੇ ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਧਰਨਾ ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿਤਾਂ ਨਾਲ ਕਿਸੇ ਵੀ ਪੱਧਰ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਹੋਵੇਗਾ। ਸਰਕਾਰ ਪੂਰੀ ਤਰ੍ਹਾਂ ਜ਼ਿੱਦ ’ਤੇ ਅੜੀ ਹੋਈ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ।’