Punjab

ਖ਼ਾਲਿਸਤਾਨ ਪੱਖੀ ਜਥੇਬੰਦੀ ਦੇ ਦੋ ਕਾਰਕੁਨ ਹਥਿਆਰਾਂ ਸਮੇਤ ਗ੍ਰਿਫ਼ਤਾਰ , DGP ਨੇ ਦੱਸਿਆ ਸਾਰਾ ਮਾਮਲਾ

Rupnagar Police

ਰੂਪਨਗਰ : ਪੰਜਾਬ ਦੀ ਰੂਪਨਗਰ ਪੁਲਿਸ (Rupnagar Police)ਨੇ ਆਈਐੱਸਆਈ  ਦੀ ਹਮਾਇਤ ਪ੍ਰਾਪਤ ਖ਼ਾਲਿਸਤਾਨ ਜਥੇਬੰਦੀ ਨਾਲ ਸਬੰਧਿਤ ਦੋ ਕਾਰਕੁਨ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਚਮਕੌਰ ਸਾਹਿਬ ਖੇਤਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ  ਦਹਿਸ਼ਤੀ ਮਾਡਿਊਲ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕੇਟੀਐਫ ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨੇੜਲਾ ਸਾਥੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇੱਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਅਤੇ 21 ਜਿੰਦਾ ਕਾਰਤੂਸ ਸਮੇਤ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਕਾਰਵਾਈ , ਫਿਰੋਜਪੁਰ ਪੁਲਿਸ ਵਲੋਂ ਫਿਰੋਜਪੁਰ ਦੇ ਪਿੰਡ ਆਰਿਫਕੇ ਦੇ ਝੋਨੇ ਦੇ ਖੇਤਾਂ ਤੋਂ ਇੱਕ ਅਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜੀਨਾਂ ਅਤੇ 60 ਜਿੰਦਾ ਕਾਰਤੂਸ ਬਰਾਮਦ ਕੀਤੇ ਜਾਣ ਤੋਂ 4 ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਸੀ, ਅਤੇ ਇਸ ਨੂੰ ਪਿੰਡ ਆਰਿਫਕੇ ਤੋਂ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫਿਰੋਜਪੁਰ ਤੋਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਮੁਲਜਮਾਂ ਨੂੰ ਫੜਨ ਲਈ ਸੂਬੇ ਭਰ ਵਿੱਚ ਖੁਫੀਆ ਏਜੰਸੀ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਗਈ ਸੀ ਅਤੇ ਪੁਖਤਾ ਸੂਚਨਾ ਦੇ ਆਧਾਰ ’ਤੇ ਰੂਪਨਗਰ ਪੁਲਿਸ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਚਮਕੌਰ ਸਾਹਿਬ ਖੇਤਰ ਤੋਂ ਦੋਵਾਂ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ।

ਪੁਲਿਸ ਮੁਤਾਬਿਕ ਉਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਉਹ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਇਹ ਖੇਪ ਬਰਾਮਦ ਕਰਨ ਲਈ ਪਿੰਡ ਆਰਿਫਕੇ ਗਏ ਸਨ ਪਰ ਅਸਫਲ ਰਹੇ  ਅਤੇ ਬਾਅਦ ਵਿੱਚ ਖੇਤ ਦੇ ਮਾਲਕ ਦੀ ਇਤਲਾਹ ਦੇ ਆਧਾਰ ‘ਤੇ ਫਿਰੋਜਪੁਰ ਪੁਲਿਸ ਵੱਲੋਂ ਇਸ ਖੇਪ ਨੂੰ ਬਰਾਮਦ ਕਰ ਲਿਆ ਗਿਆ।

ਡੀਜੀਪੀ ਨੇ ਕਿਹਾ “ਦੋਵਾਂ ਮੁਲਜਮਾਂ ਨੇ ਇਹ ਕਬੂਲਿਆ ਹੈ ਕਿ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਵੱਲੋਂ ਦੱਸੇ ਖਾਸ   ਟਿਕਾਣਿਆਂ ‘ਤੇ ਅੱਗੇ ਪਹੁੰਚਾਉਣ ਲਈ ਕੁਝ ਡਰੋਨ-ਅਧਾਰਤ ਹਥਿਆਰਾਂ ਦੀ ਖੇਪਾਂ , ਜਿਨਾਂ ਦੀ ਵਰਤੋਂ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਟਾਰਗੇਟ ਕਤਲਾਂ ਲਈ ਕੀਤੀ ਜਾਣੀ ਸੀ।’’

ਐਸਐਸਪੀ ਰੂਪਨਗਰ ਸੰਦੀਪ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਥਾਣਾ ਚਮਕੌਰ ਸਾਹਿਬ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153ਏ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 74 ਮਿਤੀ 2.10.22 ਨੂੰ ਦਰਜ ਕੀਤੀ ਗਈ ਹੈ।