International

ਤੁਰਕੀ ਭੂਚਾਲ : ਜਿੰਦਗੀ ਹੋਈ ਮਿਹਰਬਾਨ,ਤ੍ਰਾਸਦੀ ਦੇ ਕਈ ਦਿਨ ਮਗਰੋਂ ਮਲਬੇ ਵਿੱਚੋਂ ਜਿੰਦਾ ਨਿਕਲਿਆ 45 ਸਾਲਾ ਵਿਅਕਤੀ

ਤੁਰਕੀ : ਜਾਕੋ ਰਾਖੇ ਸਾਈਆਂ,ਮਾਰ ਸਕੇ ਨਾ ਕੋਈ ਅਨੁਸਾਰ ਜਦ ਪ੍ਰਮਾਤਮਾ ਵੱਲੋਂ ਕਿਸੇ ਦੀ ਵਧੀ ਹੋਈ ਹੋਵੇ ਤਾਂ ਉਸ ਨੂੰ ਕੋਈ ਨੀ ਮਾਰ ਸਕਦਾ। ਇਹ ਗੱਲ ਅੱਜ ਉਸ ਵੇਲੇ ਸਹੀ ਸਾਬਤ ਹੋ ਗਈ,ਜਦੋਂ ਤੁਰਕੀ ਦੇ ਬਚਾਅ ਕਰਮਚਾਰੀਆਂ ਨੇ ਵਿਨਾਸ਼ਕਾਰੀ ਭੂਚਾਲ ਦੇ ਕਈ ਦਿਨ ਬਾਅਦ ਸ਼ੁੱਕਰਵਾਰ ਨੂੰ ਮਲਬੇ ਵਿੱਚੋਂ ਇੱਕ 45 ਸਾਲਾ ਵਿਅਕਤੀ ਨੂੰ ਜ਼ਿੰਦਾ ਕੱਢ ਲਿਆ । ਬਚਾਅ ਕਰਮੀਆਂ ਇੱਕ ਹਫਤੇ ਤੋਂ ਵੱਲੋਂ  ਠੰਢ ਦੇ ਮੌਸਮ ਵਿੱਚ ਮਲਬੇ ਹੇਠਾਂ ਬਚੇ ਲੋਕਾਂ ਨੂੰ ਬਚਾਉਣ ਲਈ ਜਦੋ ਜਹਿਦ ਕੀਤੀ ਜਾ ਰਹੀ ਹੈ । ਹਾਲਾਂਕਿ, ਪਿਛਲੇ ਕੁਝ ਦਿਨਾਂ ਵਿੱਚ ਬਚਣ ਵਾਲਿਆਂ ਦੀ ਗਿਣਤੀ ਮੁੱਠੀ ਭਰ ਤੱਕ ਘੱਟ ਗਈ ਹੈ।

ਹਾਕਾਨ ਯਾਸੀਨੋਗਲੂ ਨਾਮਕ ਵਿਅਕਤੀ ਨੂੰ ਸੀਰੀਆ ਦੀ ਸਰਹੱਦ ਦੇ ਨੇੜੇ ਹਤਾਏ, ਇੱਕ ਦੱਖਣੀ ਸੂਬੇ ਵਿੱਚ 7.8 ਤੀਬਰਤਾ ਦੇ ਭੂਚਾਲ ਦੇ 278 ਘੰਟਿਆਂ ਬਾਅਦ ਬਚਾਇਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਬਚਾਅ ਕਰਮਚਾਰੀ ਇਕ ਇਮਾਰਤ ਦੇ ਖੰਡਰਾਂ ਦੇ ਵਿਚਕਾਰ ਇਸ ਵਿਅਕਤੀ ਨੂੰ ਸਟ੍ਰੈਚਰ ‘ਤੇ ਲੈ ਜਾ ਰਹੇ ਹਨ। ਡਿੱਗਣ ਤੋਂ ਬਚਣ ਲਈ, ਉਸਨੂੰ ਇੱਕ ਸਟਰੈਚਰ ਨਾਲ ਬੰਨ੍ਹਿਆ ਗਿਆ ਅਤੇ ਇੱਕ ਸੁਨਹਿਰੀ ਰੰਗ ਦੀ ਥਰਮਲ ਜੈਕਟ ਨਾਲ ਢੱਕਿਆ ਗਿਆ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਵੀਰਵਾਰ ਦੇਰ ਰਾਤ ਅਤੇ ਸ਼ੁੱਕਰਵਾਰ ਤੜਕੇ ਇੱਕ 14 ਸਾਲਾ ਲੜਕੇ ਸਮੇਤ ਤਿੰਨ ਹੋਰ ਲੋਕਾਂ ਨੂੰ ਬਚਾਇਆ ਗਿਆ, ਕੁਝ ਥਾਵਾਂ ‘ਤੇ 24 ਘੰਟੇ ਖੋਜ ਜਾਰੀ ਹੈ।

ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਖੇਤਰ ਵਿਚ 200 ਤੋਂ ਘੱਟ ਥਾਵਾਂ ‘ਤੇ ਬਚਾਅ ਕਾਰਜ ਜਾਰੀ ਹਨ। ਭੂਚਾਲ ਨੇ ਤੁਰਕੀ ਅਤੇ ਸੀਰੀਆ ਵਿੱਚ 41,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਤੁਰਕੀ ਦੇ 11 ਸੂਬਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ । ਤੁਰਕੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਤਿੰਨ ਪ੍ਰਾਂਤਾਂ ਅਡਾਨਾ, ਕਿਲਿਸ ਅਤੇ ਸਾਨਲਿਉਰਫਾ ਵਿੱਚ ਬਚਾਅ ਕਾਰਜ ਪੂਰੇ ਕਰ ਲਏ ਗਏ ਹਨ।