International

ਵੇਨੇਜ਼ੁਏਲਾ ਦੀ ਮਦਦ ਲਈ ਅੱਗੇ ਆਏ ਟਰੰਪ

ਵੇਨੇਜ਼ੁਏਲਾ ਵਿੱਚ ਬੁੱਧਵਾਰ ਦੁਪਹਿਰ ਦੋ ਭਿਆਨਕ ਭੂਚਾਲ ਆਏ ਹਨ। ਪਹਿਲਾ ਭੂਚਾਲ 7.1 ਤੀਬਰਤਾ ਦਾ ਸੀ, ਜਿਸ ਦਾ ਕੇਂਦਰ ਰਾਜਧਾਨੀ ਕਰਾਕਸ ਤੋਂ ਲਗਭਗ 160 ਕਿਲੋਮੀਟਰ ਪੱਛਮ ਵਿੱਚ ਅਤੇ ਡੂੰਘਾਈ 13 ਕਿਲੋਮੀਟਰ ਸੀ। ਇਸ ਤੋਂ ਕੁਝ ਮਿੰਟ ਬਾਅਦ 7.5 ਤੀਬਰਤਾ ਦਾ ਦੂਜਾ ਭੂਚਾਲ ਆਇਆ, ਜਿਸ ਦਾ ਕੇਂਦਰ ਮੋਰੋਨ ਸ਼ਹਿਰ ਦੇ ਦੱਖਣ-ਪੱਛਮ ਵਿੱਚ ਅਤੇ ਡੂੰਘਾਈ 10 ਕਿਲੋਮੀਟਰ ਸੀ। ਇਨ੍ਹਾਂ ਭੂਚਾਲਾਂ ਕਾਰਨ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋਣ ਦਾ ਖਦਸ਼ਾ ਹੈ।

ਕਰਾਕਸ ਸਮੇਤ ਕਈ ਇਲਾਕਿਆਂ ਵਿੱਚ ਇਮਾਰਤਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਰਾਕਸ ਏਅਰਪੋਰਟ ਦੀ ਛੱਤ ਡਿੱਗਣ ਕਾਰਨ ਧੂੜ ਦਾ ਵੱਡਾ ਗੁਬਾਰ ਉੱਠਿਆ। ਇਹ ਪਿਛਲੇ 126 ਸਾਲਾਂ ਵਿੱਚ ਵੇਨੇਜ਼ੁਏਲਾ ਵਿੱਚ ਆਇਆ ਸਭ ਤੋਂ ਵੱਡਾ ਭੂਚਾਲ ਹੈ। ਇਸ ਤੋਂ ਪਹਿਲਾਂ ਸਾਲ 1900 ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ।

ਅਮਰੀਕੀ ਜੀਓਲੌਜੀਕਲ ਸਰਵੇਖਣ ਵੀ ਵੱਡੇ ਜਾਨੀ ਨੁਕਸਾਨ ਦੀ ਚਿਤਾਵਨੀ ਦੇ ਰਿਹਾ ਹੈ।ਇਸ ਤ੍ਰਾਸਦੀ ਵਿੱਚ ਮਦਦ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਆਏ ਹਨ।

ਟਰੰਪ ਨੇ ਟਰੂਥ ਸੋਸ਼ਲ ਉੱਤੇ ਪੋਸਟ ਕਰਦਿਆਂ ਕਿਹਾ ਕਿ ਵੇਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ। ਉਨ੍ਹਾਂ ਨੇ ਅਮਰੀਕੀ ਏਜੰਸੀਆਂ ਨੂੰ ਤੁਰੰਤ ਮਦਦ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਨੇ ਲਿਖਿਆ, “ਸੰਯੁਕਤ ਰਾਜ ਅਮਰੀਕਾ ਵੇਨੇਜ਼ੁਏਲਾ ਦੇ ਲੋਕਾਂ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਆਪਣੇ ਨਵੀਆਂ ਅਤੇ ਚੰਗੀਆਂ ਦੋਸਤੀਆਂ ਵਾਲੇ ਲੋਕਾਂ ਲਈ ਉੱਥੇ ਮੌਜੂਦ ਰਹਾਂਗੇ।” ਉਨ੍ਹਾਂ ਇਹ ਵੀ ਕਿਹਾ ਕਿ ਵੇਨੇਜ਼ੁਏਲਾ ਤੋਂ ਆ ਰਹੀਆਂ ਰਿਪੋਰਟਾਂ ਬਹੁਤ ਚੰਗੀਆਂ ਨਹੀਂ ਹਨ।