India Punjab

‘ਆਪ’ ਕੱਲ੍ਹ ਆਪਣੇ ਖੀਸੇ ‘ਚੋਂ ਕੱਢੇਗੀ CM ਦਾ ਚਿਹਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਦੁਪਹਿਰ 12 ਵਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਕੇਜਰੀਵਾਲ ਕੱਲ੍ਹ ਪੰਜਾਬ ਆਉਣਗੇ। ਆਮ ਆਦਮੀ ਪਾਰਟੀ ਦੇ ਪੰਜਾਬ ਕੋ-ਇੰਚਾਰਜ ਰਾਘਵ ਚੱਢਾ ਨੇ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਿਹਰੇ ਲਈ ਆਮ ਆਦਮੀ ਪਾਰਟੀ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਲੋਕਾਂ ਨੂੰ ਆਪਣੀ ਰਾਇ ਦੱਸਣ ਦੀ ਅਪੀਲ ਕੀਤੀ ਗਈ ਸੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਇਸ ਨੰਬਰ ‘ਤੇ ਪੰਜ ਲੱਖ ਤੋਂ ਵੱਧ ਲੋਕਾਂ ਦੇ ਫੋਨ ਆਉਣ ਦਾ ਦਾਅਵਾ ਕੀਤਾ ਹੈ।

ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਪ੍ਰਤੀ ਅਣਗਹਿਲੀ ਦੇ ਦੋਸ਼ ਲਗਾਏ ਹਨ। ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਭਰਾ ਮਨੋਹਰ ਸਿੰਘ ਨੂੰ ਬੱਸੀ ਪਠਾਣਾਂ ਤੋਂ ਟਿਕਟ ਨਹੀਂ ਦਿੱਤੀ ਗਈ। ਚੱਢਾ ਨੇ ਕਿਹਾ ਕਿ ਸਿਰਫ ਇੱਕ ਭਾਈਚਾਰੇ ਦਾ ਇਸਤੇਮਾਲ ਕਰਨ ਲਈ ਚੰਨੀ ਨੂੰ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਚੰਨੀ ਦਾ ਕੇਵਲ ਇਸਤੇਮਾਲ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਣਦੇਖਾ ਕੀਤਾ ਹੈ। ਚੰਨੀ ਦੇ ਭਰਾ ਮਨੋਹਰ ਸਿੰਘ ਵੱਲੋਂ ਬਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਹੀ ਟਿਕਟ ਦਿੱਤੀ ਗਈ ਹੈ। ਚੱਢਾ ਨੇ ਭਾਈ ਭਤੀਜਾਵਾਦ ਦਾ ਇਲਜਾਮ ਲਾ ਕੇ ਮੁੱਖ ਮੰਤਰੀ ਚੰਨੀ ਨੂੰ use and throw ਵਰਤੋਂ ਤੇ ਸੁੱਟੋ ਵਾਂਗ ਵਰਤੇ ਜਾਣ ਦਾ ਇਲ ਜ਼ਾਮ ਲਾਇਆ।