Punjab

ਰਾਜੇਵਾਲ ਵੱਲੋਂ ਪਾਰਟੀ ਦਾ ਏਜੰਡਾ ਬਣਾਉਣ ਲਈ ਲੋਕਾਂ ਤੋਂ ਸੁਝਾਅ ਦੀ ਮੰਗ

‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਪਾਰਟੀ ਦੇ ਏਜੰਡੇ ਬਾਰੇ  ਜਿਕਰ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਮਿਲੀਆਂ ਹੋਈਆਂ ਕਈ ਦਾਤਾਂ ਦਾ ਹਵਾਲਾ ਦਿਤਾ ਹੈ।ਉਹਨਾਂ ਕਿਹਾ ਕਿ ਦ੍ਰਿਸ਼ਟੀਕੋਣ ਦੀ ਵਿਸ਼ਾਲਤਾ ਇਕ ਅਜਿਹੀ ਬਖਸ਼ੀਸ਼ ਹੈ, ਜਿਸ ਰਾਹੀਂ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਮਨੁੱਖੀ ਬਰਾਬਰਤਾ, ਸਾਂਝੀਵਾਲਤਾ, ਕਿਰਤ ਦੀ ਪ੍ਰਧਾਨਤਾ ਅਤੇ ਨਿੱਜਤਾ ਨੂੰ ਤਿਆਗਣ ਵਾਲੀ ਦ੍ਰਿਸ਼ਟੀ ਪ੍ਰਦਾਨ ਕੀਤੀ।

ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਨਿਮਰਤਾ ਦੀ ਅਮੀਰੀ ਬਖ਼ਸ਼ੀ। ਉਨ੍ਹਾਂ ਨੇ ਲੰਮੀਆਂ ਯਾਤਰਾਵਾਂ ਕਰਦੇ ਹੋਏ ਕਈਆਂ ਨਾਲ ਸੰਵਾਦ ਕੀਤਾ ਤੇ ਵਿਰੋਧੀਆਂ ਦੀ ਗੱਲ ਸਮਝ ਕੇ ਉਹਨਾਂ  ਨੂੰ ਆਪਣੀ ਗੱਲ ਸਮਝਾਈ। ਇਨ੍ਹਾਂ ਸੰਵਾਦਾਂ ਕਾਰਨ ਨਵੇਂ ਵਿਚਾਰਾਂ ਅਤੇ ਪੰਜਾਬੀ ਜ਼ੁਬਾਨ ਵਿਚ ਨਵੇਂ ਸ਼ਬਦਾਂ ਦੀ ਆਮਦ ਹੋਈ ਤੇ ਪੰਜਾਬੀ ਮਨ ਮੋਕਲਾ ਹੋਇਆ। ਪੰਜਾਬ ਦੇ ਲੋਕਾਂ ਨੇ ਪਰੰਪਰਾ ਨੂੰ ਨਹੀਂ ਤਿਆਗਿਆ ਪਰ ਆਧੁਨਿਕਤਾ ਨੂੰ ਵੀ ਸਵੀਕਾਰਿਆ।

ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਖੇਤੀ ਕੀਤੀ ਤੇ ਕਿਰਤ ਦੀ ਪ੍ਰਧਾਨਤਾ ਦਾ ਮਹੱਤਵ ਦੁਨਿਆ ਸਾਹਮਣੇ ਰਖਿਆ।ਉਨ੍ਹਾਂ ਦਾ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਸਿਧਾਂਤ ਅੱਜ ਵੀ ਉਨ੍ਹਾਂ ਦੇ ਦਸੇ ਰਾਹ ਤੇ ਚਲਣ ਵਾਲਿਆਂ ਨੂੰ ਰਾਹ ਦਿਖਾਉਂਦਾ  ਹੈ।

ਉਹਨਾਂ ਸੰਯੁਕਤ ਸਮਾਜ ਮੋਰਚੇ ਦਾ ਏਜੰਡਾ ਨਿਸ਼ਚਿਤ ਕਰਦਿਆਂ ਅਤੇ ਪਾਲਿਸੀ ਡਾਕੂਮੈਂਟ ਬਣਾਉਂਦਿਆ “ਸਰਬੱਤ ਦੇ ਭਲੇ” ਵਾਲੇ ਗੁਰੂ ਆਸ਼ੇ ਨੂੰ ਅੱਖਾਂ ਸਾਹਮਣੇ ਰੱਖਣ ਲਈ ਦ੍ਰਿੜ ਨਿਸ਼ਚਾ ਪ੍ਰਗਟਾਇਆ । ਉਹਨਾਂ ਇਹ ਵੀ ਕਿਹਾ ਕਿ ਪਾਲਿਸੀ ਡਾਕੂਮੈਂਟ ਦੀ ਤਿਆਰੀ ਹੋ ਰਹੀ ਹੈ ਤੇ ਇਸ ਸੰਬੰਧੀ ਲੋਕਾਂ ਕੋਲੋਂ ਸੁਝਾਅ ਲਿਖਤੀ ਰੂਪ ਵਿੱਚ ਮੰਗੇ ਜਾ ਰਹੇ ਹਨ।