Punjab

ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਭਾਖੜਾ ਨਹਿਰ ਵਿੱਚ ਡਿੱਗੀ , ਪਰਿਵਾਰ ਦੇ ਤਿੰਨ ਜੀਆਂ ਨਾਲ ਹੋਇਆ ਇਹ ਮਾੜਾ ਕੰਮ

Three members of the family died due to the car falling into the canal

ਨੰਗਲ ਵਿੱਚ ਮੱਥਾ ਟੇਕਣ ਜਾ ਰਹੇ ਇੱਕ ਪਰਿਵਾਰ ਨਾਲ ਅਣਹੋਣੀ ਘਟਨਾ ਵਾਪਰ ਗਈ ਹੈ। ਪਰਿਵਾਰ ਦੀ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ, ਜਿਸ  ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਇੱਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਇਹ ਘਟਨਾ ਨੰਗਲ ਦੇ ਐਮ.ਪੀ. ਦੀ ਕੋਠੀ ਨਜ਼ਦੀਕ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਥੇ ਇੱਕ ਪਰਿਵਾਰ ਦੀ ਅਲਟੋ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ ਡਿੱਗਣ ਬਾਰੇ ਸੂਚਨਾ ਮਿਲਣ ‘ਤੇ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜਾਂ ਤਹਿਤ ਮੌਕੇ ‘ਤੇ ਇੱਕ ਮੈਂਬਰ ਨੂੰ ਬਚਾਅ ਲਿਆ, ਜਦਕਿ ਤਿੰਨ ਮੈਂਬਰ ਦੀ ਪਾਣੀ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ।

ਏਐੱਸਆਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਵਾਹਰ ਮਾਰਕੀਟ ਨਿਵਾਸੀ ਮੋਹਨ ਲਾਲ ਆਪਣੀ ਪਤਨੀ ਸਰੋਜ ਬਾਲਾ, ਰਿਸ਼ਤੇਦਾਰ ਅਕਸ਼ੈ ਕੁਮਾਰ ਅਤੇ ਉਸਦੀ ਦੀ ਪਤਨੀ ਸੁਮਨ ਬਾਲਾ ਵਾਸੀ ਸ਼ਿਵਾਲਿਕ ਐਵੇਨਿਊ ਨਾਲ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਨਹਿਰ ਵਿੱਚ ਡਿੱਗ ਗਈ।

ਕਾਰ ਦੀ ਇੱਕ ਤਾਕੀ ਖੁੱਲ੍ਹਣ ਕਾਰਨ ਮੋਹਨ ਲਾਲ ਨੂੰ ਤਾਂ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਪਰ ਤਿੰਨ ਵਿਅਕਤੀ ਕਾਰ ਵਿੱਚ ਫਸ ਗਏ ਤੇ ਕਾਰ ਨਹਿਰ ਵਿੱਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਪੁਲੀਸ ਪਾਰਟੀ ਸਮੇਤ ਪਹੁੰਚ ਗਏ। ਗੋਤਾਖੋਰ ਕਮਲਪ੍ਰੀਤ ਸੈਣੀ ਅਤੇ ਬੀਬੀਐੱਮਬੀ ਦੇ ਡਿਪਟੀ ਚੀਫ ਇੰਜਨੀਅਰ ਐੱਚਐੱਲ ਕੰਬੋਜ ਹੋਰ ਅਧਿਕਾਰੀ ਅਤੇ ਬੀਬੀਐੱਮਬੀ ਦੇ ਗੋਤਾਖੋਰਾਂ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ।

ਕਾਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਜਿਸ ਵਿੱਚੋਂ ਤਿੰਨੋਂ ਲਾਸ਼ਾਂ ਕੱਢੀਆਂ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਸਵੇਰੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰ ਕੇ ਪੋਸਟਮਾਰਟਮ ਪਿੱਛੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਇਸ ਸਬੰਧੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਦਰਦਨਾਕ ਘਟਨਾ ਤੇ ਡੂੰਘਾ ਅਫਸੋਸ ਵਿਅਕਤ ਕੀਤਾ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਿਖਿਆ ਹੈ, ‘ਨੰਗਲ ਵਿਖੇ i20 ਕਾਰ ਦੇ ਨਹਿਰ ਵਿੱਚ ਡਿੱਗਣ ਦੇ ਹਾਦਸੇ ਬਾਰੇ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ। ਗੱਡੀ ਵਿੱਚ ਮੌਜੂਦ ਚਾਰ ਮੈਂਬਰਾਂ ਵਿੱਚੋਂ ਤਿੰਨ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ, ਜਖ਼ਮੀ ਦੀ ਜਲਦ ਸਿਹਤਯਾਬੀ ਦੀ ਪਰਮਾਤਮਾ ਅੱਗੇ ਕਾਮਨਾ ਕਰਦਾ ਹਾਂ। ਅਜਿਹੀਆਂ ਘਟਨਾਵਾਂ ਦਿਲ ਝੰਜੋੜ ਦਿੰਦੀਆਂ ਨੇ।