Punjab

ਖੇਤ ‘ਚ ਲਗਾਈ ਅੱਗ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮੀਆਂ ਵਿੱਚ ਬਦਲਿਆ

ਗੁਰਦਾਸਪੁਰ (Gurdaspur) ਦੇ ਸ੍ਰੀ ਹਰਗੋਬਿੰਦਪੁਰ (Sri Hargobindpur) ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਖੇਤਾਂ ਵਿੱਚ ਲਗਾਈ ਅੱਗ ਨੇ ਹਸਦੇ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮੀਆਂ ਵਿੱਚ ਬਦਲ ਦਿੱਤਾ ਹੈ। ਜਾਣਕਾਰੀ ਮੁਤਾਬਕ ਖੇਤਾਂ ਵਿੱਚ ਲਗਾਈ ਅੱਗ ਦੇ ਧੂੰਏਂ ਕਾਰਨ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੀ ਮੁੱਖ ਸੜਕ ’ਤੇ ਵਾਹਨਾਂ ਦੀ ਟੱਕਰ ਹੋ ਗਈ, ਜਿਸ ਵਿੱਚ ਪਿਤਾ, ਪੁੱਤਰ ਅਤੇ ਦਾਦੀ ਦੀ ਮੌਤ ਹੋ ਗਈ।

ਇਹ ਸਾਰੇ ਮੋਟਰਸਾਇਕਲ ‘ਤੇ ਸਵਾਰ ਹੋ ਕੇ ਕਸਬਾ ਮਹਿਤਾ ਨੂੰ ਜਾ ਰਹੇ ਸਨ। ਇਨ੍ਹਾਂ ਦੀ ਪਛਾਣ ਅਮਰਜੋਤ ਸਿੰਘ ਜੋ ਮੋੋਟਰ ਸਾਇਕਲ ਚਲਾ ਰਿਹਾ ਸੀ, ਉਸ ਦੀ ਮਾਤਾ ਬਲਬੀਰ ਕੌਰ ਅਤੇ ਉਸ ਦਾ ਤਿੰਨ ਸਾਲਾ ਪੁੱਤਰ ਅਰਮਾਨਦੀਪ ਸਿੰਘ ਵਾਸੀ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਰਸਤੇ ਵਿੱਚ ਸੜਕ ਕਿਨਾਰੇ ਕਿਸੇ ਕਿਸਾਨ ਵੱਲੋਂ ਆਪਣੀ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੋਈ ਸੀ। ਸੜਕ ਤੋਂ ਲੰਘਣ ਸਮੇਂ ਧੂੰਆਂ ਹੋਣ ਕਾਰਨ ਅਚਾਨਕ ਉਸ ਦਾ ਮੋਟਰਸਾਈਕਲ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ। ਜਿਸ ਕਾਰਨ ਤਿੰਨਾਂ ਦੀ ਮੌਕੇ ਉੱਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮਹਿਤਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੂਸਰੇ ਵਾਹਨ ਦੀ ਭਾਲ ਕਰ ਉਸ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਤਨੀ ਨੂੰ ਉਸ ਦੇ ਪਤੀ ਦੀ ਸਰਕਾਰੀ ਨੌਕਰੀ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ – ਪੰਜਾਬ ‘ਚ ਚੱਲਦੀ ਰੇਲਗੱਡੀ ਤੋਂ ਵੱਖ ਹੋਇਆ ਇੰਜਣ, 3 KM ਦੂਰ ਪਹੁੰਚਿਆ