ਚੰਡੀਗੜ੍ਹ : 16ਵੀਂ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦਾ ਤੀਸਰੇ ਦਿਨ ਵਿਰੋਧੀਆਂ ਦੇ ਹੰਗਾਮੇ ਦੌਰਾਨ ਤਿੰਨ ਬਿੱਲ (Three Bills) ਪਾਸ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ ਪੇਸ਼ ਕੀਤਾ। ਜਿਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਫੌਜਾ ਸਿੰਘ ਸਰਾਰੀ ਮਾਮਲੇ ਵਿੱਚ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਰੌਲਾ ਪਾ ਕੇ ਵਿਧਾਨ ਸਭਾ ਦੀ ਕਾਰਵਾਈ ਵਿੱਚ ਵਿਘਨ ਪਾਇਆ। ਰੌਲੇ ਰੱਪੇ ਦੌਰਾਨ ਹੀ ਇਸ ਬਿਲ ਨੂੰ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਹੈ। ਇਸ ਦੌਰਾਨ ਵਿਰੋਧੀ ਧਿਰ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ।

ਇਸ ਤੋਂ ਬਾਅਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦ ਪੰਜਾਬ ਵਿਲੇਜ ਕਾਮਨ ਲੈਂਡ ਅਮੈਂਡਮੈਂਟ ਬਿੱਲ 2022 ਸੈਸ਼ਨ ਦੀ ਬੈਠਕ ਵਿੱਚ ਪੇਸ਼ ਕੀਤਾ। ਇਸ ਦੌਰਾਨ ਵਿਰੋਧੀ ਧਿਰ ਵਿਧਾਨ ਸਭਾ ਵਿੱਚ ਰੌਲਾ ਪਾਉਂਦੀ ਰਹੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਰ ਬਾਰ ਵਿਰੋਧੀ ਧਿਰ ਦੇ ਨੇਤਾ ਨੂੰ ਅਪੀਲ ਕੀਤੀ ਕਿ ਉਹ ਵੀ ਕਾਰਵਾਈ ਵਿੱਚ ਹਿੱਸਾ ਲੈਣ ਪਰ ਉਹਨਾਂ ਆਪਣੀ ਕਾਰਵਾਈ ਜਾਰੀ ਰੱਖੀ। ਜਿਸ ਦੌਰਾਨ ਇਹ ਬਿੱਲ ਵੀ ਪਾਸ ਹੋ ਗਿਆ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦ ਪੰਜਾਬ ਗੁਡਸ ਐਂਡ ਸਰਵਿਸਿਜ ਅਮੈਂਡਮੈਂਟ ਐਕਟ 2022 ਪੇਸ਼ ਕੀਤਾ, ਜਿਸ ਨੂੰ ਪਾਸ ਕਰ ਦਿੱਤਾ ਗਿਆ । ਇਸ ਮਾਮਲੇ ਵਿੱਚ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਲਗਾਇਆ ਕਿ ਉਹਨਾਂ ਦੀ ਸਰਕਾਰ ਦੇ ਚਹੇਤਿਆਂ ਨੇ ਹਮੇਸ਼ਾ ਟੈਕਸ ਦੇਣ ਦੇ ਮਾਮਲੇ ਵਿੱਚ ਘਪਲੇਬਾਜੀ ਕੀਤੀ ਹੈ। ਇਸ ਨੂੰ ਰੋਕਣ ਲਈ ਹੀ ਇਹ ਬਿੱਲ ਲਿਆਂਦਾ ਗਿਆ ਹੈ।

ਇਸ ਵਿਚਾਲੇ ਵਿਧਾਨ ਸਭਾ ਵਿੱਚ ਪੈ ਰਹੇ ਰੌਲੇ ਰੱਪੇ ਤੇ ਸਖਤ ਟਿਪਣੀ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਕਾਰਵਾਈਆਂ ਕਰ ਕੇ ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਇਸ ਬਰਬਾਦ ਹੋ ਰਹੇ ਸਮੇਂ ਵਿੱਚ ਕਿੰਨੀਆਂ ਲੋਕ ਪੱਖੀ ਗੱਲਾਂ ਇਸ ਵਿਧਾਨ ਸਭਾ ਵਿੱਚ ਰੱਖੀਆਂ ਜਾਣੀਆਂ ਸੀ। ਪੰਚਾਇਤ ਮੰਤਰੀ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਦੋਂ ਵਿਧਾਨ ਸਭਾ ਵਿੱਚ ਬੋਲਣਾ ਚਾਹਿਆ ਤਾਂ ਵਿਰੋਧੀ ਧਿਰ ਦਾ ਹੰਗਾਮਾ ਹੋਰ ਵੱਧ ਗਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਸੋਮਵਾਰ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਤੇ ਵਿਰੋਧੀ ਧਿਰ ਨੂੰ ਇਹ ਤਾੜਨਾ ਕੀਤੀ ਕਿ ਉਹ ਸੋਮਵਾਰ ਨੂੰ ਪੂਰੀ ਤਿਆਰੀ ਨਾਲ ਆਉਣ।