Punjab Religion

ਹਰਿਆਣਾ ਦੇ ਸਿੱਖਾਂ ਨੂੰ ਅਣਗੌਲਿਆ ਕਰ ਸਿਆਸੀ-ਧਾਰਮਿਕ ਲੀਡਰਸ਼ਿਪ ਪੈਦਾ ਨਾ ਹੋਣ ਦੇਣ ਕਾਰਨ ਟੁੱਟੀ SGPC

‘ਦ ਖ਼ਾਲਸ ਬਿਊਰੋ : ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੂੰ ਸੁਪਰੀਮ ਕੋਰਟ (Supreme Court) ਵੱਲੋਂ ਕਾਨੂੰਨੀ ਮਾਨਤਾ ਦਿੱਤੇ ਜਾਣ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ (Amritsar) ਵਿਚ ਹੋਈ ਸ਼੍ਰੋਮਣੀ ਕਮੇਟੀ ਦੀ ਜਨਰਲ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰਦਿਆਂ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਹੈ ਕਿ ਜਿਹੜਾ ਬਾਦਲ ਪਰਿਵਾਰ ਹਰਿਆਣਾ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਦੂਰ ਕਰਨ ਦਾ ਦੋਸ਼ੀ ਹੈ, ਉਸੇ ਬਾਦਲ ਪਰਿਵਾਰ ਦੇ ਇਸ਼ਾਰੇ ‘ਤੇ ਅੱਜ ਹੋਈ ਜਨਰਲ ਹਾਊਸ ਦੀ ਮੀਟਿੰਗ ਸਿਰਫ ਇਕ ਡਰਾਮਾ ਹੈ।

ਵਿਰੋਧੀ ਧਿਰ ਦੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਬਾਦਲ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋ ਸਾਂਝੇ ਰੂਪ ਵਿੱਚ ਜਨਰਲ ਹਾਊਸ ਦੀ ਮੀਟਿੰਗ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਆਲਮਗੀਰ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੁਲਾ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਕਮੇਟੀ ਦੇ ਮੁੱਦੇ ‘ਤੇ ਜਨਰਲ ਹਾਊਸ ਵਿਚ ਬੋਲੀ ਤੇ ਪੜ੍ਹੀ ਜਾਣ ਵਾਲੀ ਸਕਰਿਪਟ ਤਿਆਰ ਕਰਕੇ ਦੇ ਦਿੱਤੀ ਸੀ। ਜਨਰਲ ਹਾਊਸ ਦੀ ਮੀਟਿੰਗ ਵੀ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਬਾਦਲ ਲਿਫਾਫੇ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹੁਕਮ ਦਿੰਦੇ ਹਨ।

ਉਨ੍ਹਾਂ ਵੱਖਰੀ ਹਰਿਆਣਾ ਕਮੇਟੀ ਦੇ ਗਠਨ ਬਾਰੇ ਕਿਹਾ ਕਿ ਇਸ ਗੱਲ ਵਿਚ ਦੋ ਰਾਵਾਂ ਨਹੀਂ ਹਨ ਕਿ ਜਦੋਂ ਕੋਈ ਵੱਡਾ ਪਰਿਵਾਰ ਵੰਡਿਆ ਜਾਂਦਾ ਹੈ ਤਾਂ ਉਸ ਪਰਿਵਾਰ ਦਾ ਇਤਫਾਕ ਘੱਟਦਾ ਹੈ ਪਰ ਉਹ 23 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਵੀ ਇਹ ਸਵਾਲ ਕਰ ਚੁੱਕੇ ਹਨ ਕਿ ਵੱਖਰੀ ਹਰਿਆਣਾ ਕਮੇਟੀ ਦਾ ਐਕਟ ਹਰਿਆਣਾ ਸਰਕਾਰ ਵਲੋਂ ਬਣਾਏ ਜਾਣ ਤੋਂ ਲੈ ਕੇ ਅੱਜ ਤੱਕ ਅਕਾਲੀ ਦਲ ਬਾਦਲ ਨੇ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਕੀ-ਕੀ ਯਤਨ ਕੀਤੇ ਤੇ ਵੱਖਰੀ ਕਮੇਟੀ ਰੋਕਣ ਲਈ ਕੀ ਭੂਮਿਕਾ ਨਿਭਾਈ, ਇਸ ਦਾ ਜਵਾਬ ਦਿੱਤਾ ਜਾਵੇ ਪਰ ਅਜੇ ਤੱਕ ਬਾਦਲ ਦਲ ਦੇ ਕਿਸੇ ਵੀ ਆਗੂ ਨੇ ਕੋਈ ਜਵਾਬ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਸਾਲ 2000 ਵਿਚ ਹਰਿਆਣਾ ਦੇ ਸਿੱਖਾਂ ਨੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਸੀ ਅਤੇ 2014 ਵਿਚ ਇਸ ਨੂੰ ਕਾਨੂੰਨੀ ਰੂਪ ਮਿਲਿਆ ਪਰ ਇਸ ਦੌਰਾਨ ਕਦੇ ਵੀ ਬਾਦਲ ਦਲ ਨੇ ਨਾ ਤਾਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਦੇ ਸਿੱਖ ਸ਼੍ਰੋਮਣੀ ਕਮੇਟੀ ਤੋਂ ਵੱਖ ਕਿਉਂ ਹੋਣਾ ਚਾਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖ ਲੰਬੇ ਸਮੇਂ ਤੋਂ ਇਹ ਮਹਿਸੂਸ ਕਰਦੇ ਆ ਰਹੇ ਹਨ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਕਦੇ ਵੀ ਹਰਿਆਣਵੀ ਸਿੱਖਾਂ ਦੇ ਹਿਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਸਥਾਨਕ ਹਿਤਾਂ ਨੂੰ ਮੁੱਖ ਰੱਖਦਿਆਂ ਆਪਣੇ ਸਿਆਸੀ ਫੈਸਲੇ ਲੈਣ ਦੀ ਖੁੱਲ੍ਹ ਦਿੱਤੀ ਅਤੇ ਨਾ ਹੀ ਹਰਿਆਣਾ ਦੇ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਨੂੰ ਪੈਦਾ ਹੋਣ ਦਿੱਤਾ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ 2020 ਤੱਕ ਅਕਾਲੀ ਦਲ ਬਾਦਲ ਦੀ ਭਾਜਪਾ ਨਾਲ ਸਿਆਸੀ ਸਾਂਝ ਰਹੀ ਹੈ ਪਰ 2014 ਵਿਚ ਹਰਿਆਣਾ ਦਾ ਵੱਖਰਾ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਕੇਂਦਰ ਸਰਕਾਰ ਨਾਲ ਇਸ ਐਕਟ ਨੂੰ ਰੱਦ ਕਰਵਾਉਣ ਲਈ ਕਦੋਂ ਅਤੇ ਕੀ ਪਹੁੰਚ ਕੀਤੀ, ਇਸ ਬਾਰੇ ਸੁਖਬੀਰ ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖ ਆਗੂ ਵੱਖਰੀ ਕਮੇਟੀ ਦਾ ਐਕਟ ਬਣਨ ਤੋਂ ਪਹਿਲਾਂ ਕਈ ਵਾਰ ਇਹ ਆਖ ਚੁੱਕੇ ਸਨ ਕਿ ਸ਼੍ਰੋਮਣੀ ਕਮੇਟੀ ਵਲੋਂ ਹਰਿਆਣਵੀ ਸਿੱਖਾਂ ਦੀ ਇਕ ਵੱਖਰੀ ਸਬ ਕਮੇਟੀ ਬਣਾ ਦਿਤੀ ਜਾਵੇ ਅਤੇ ਕੁਝ ਹੋਰ ਮਸਲਿਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਛੱਡ ਦੇਣਗੇ, ਪਰ ਉਦੋਂ ਅਕਾਲੀ ਦਲ ਬਾਦਲ  ਨੇ ਹੰਕਾਰ ਵਿਚ ਇਨ੍ਹਾਂ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਹਰਿਆਣਾ ਦੇ ਸਿੱਖਾਂ ਨੂੰ ਬੰਧੂਆ ਮਜ਼ਦੂਰ ਸਮਝਦਿਆਂ ਉਨ੍ਹਾਂ ਦੇ ਸਿਰ ‘ਤੇ ਆਪਣੇ ਰਿਸ਼ਤੇਦਾਰ ਆਪਣੇ ਨੁਮਾਇੰਦੇ ਬਣਾ ਕੇ ਬਿਠਾਈ ਰੱਖੇ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਿੱਖਾਂ ਦੀ ਏਕਤਾ ਦੀ ਹਮਾਇਤੀ ਹੈ ਅਤੇ ਸਿੱਖ ਸੰਸਥਾਵਾਂ ਦੀ ਮਜਬੂਤੀ ਦੀ ਚਾਹਤ ਰੱਖਦੀ ਹੈ ਪਰ ਸਿੱਖ ਸੰਸਥਾਵਾਂ ਤੇ ਪੰਥ ਨੂੰ ਅੱਜ ਵਾਲੀ ਅਧੋਗਤੀ ਦੀ ਸਥਿਤੀ ਤੱਕ ਲਿਜਾਣ ਵਾਲੇ ਅਕਾਲੀ ਦਲ ਬਾਦਲ ਕੋਲੋਂ ਕੋਈ ਆਸ ਨਹੀਂ ਰੱਖ ਸਕਦੀ, ਜਿਸ ਕਾਰਨ ਅੱਜ ਸੁਖਬੀਰ ਬਾਦਲ ਦੀ ਤਿਆਰ ਕੀਤੀ ਸਕਰਿਪਟ ‘ਤੇ ਅੰਮ੍ਰਿਤਸਰ ਵਿਚ ਹੋਈ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ। ਉਨਾ ਹੈਰਾਨੀ ਪ੍ਰਗਟਾਈ ਕਿ ਇਕ ਪਾਸੇ ਬਾਦਲ ਦਲ ਕਹਿ ਰਿਹਾ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਦੇ ਨਹੀਂ ਦੂਜੇ ਪਾਸੇ ਉੱਥੇ ਹੀ ਅਪੀਲ ਕਰਨ ਦਾ ਦਾਅਵਾ ਕਰ ਰਹੇ ਹਨ , ਅੱਜ ਜੇ ਜਨਰਲ ਹਾਊਸ ਵਿੱਚ ਪਾਏ ਜਾਣ ਵਾਲੇ ਮਤੇ ਸੁਖਬੀਰ ਬਾਦਲ ਵੱਲੋ ਪਹਿਲਾ ਹੀ ਤੈਅ ਕਰ ਦਿੱਤੇ ਗਏ ਹਨ।