‘ਦ ਖ਼ਾਲਸ ਬਿਊਰੋ : ਪਾਕਿਸਤਾਨ (Pakistan) ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਹਰ ਕੋਈ ਹੈਰਾਨ ਹੋ ਜਾਵੇਗਾ। ਪਾਕਿਸਤਾਨ ਵਿੱਚ ਇੱਕ 56 ਸਾਲ ਦੇ ਵਿਅਕਤੀ ਨੇ ਪੰਜ ਵਿਆਹ (Five Marriages) ਕਰਵਾਏ ਹਨ। ਇਸ ਵਿਅਕਤੀ ਦਾ ਨਾਂ ਸ਼ੌਕਤ (Shoqat) ਹੈ। ਸ਼ੌਕਤ ਦੇ ਪਹਿਲੇ ਚਾਰ ਵਿਆਹਾਂ ਤੋਂ ਉਨ੍ਹਾਂ ਦੀਆਂ 10 ਬੇਟੀਆਂ ਅਤੇ ਇੱਕ ਬੇਟਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ (Social Media) ਉੱਤੇ ਇੱਕ ਵੀਡੀਓ ਖ਼ੂਬ ਵਾਇਰਲ (Viral Video) ਹੋ ਰਹੀ ਹੈ। ਵੀਡੀਓ ਵਿੱਚ ਸ਼ੌਕਤ ਨੇ ਆਪਣੇ ਪੰਜ ਵਿਆਹਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਸ਼ੌਕਤ ਨੇ ਪਿਛਲੇ ਸਾਲ ਪੰਜਵਾਂ ਵਿਆਹ ਕਰਵਾਇਆ ਸੀ। ਪੰਜਵੇਂ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਆਪਣੀਆਂ ਅੱਠ ਧੀਆਂ ਅਤੇ ਇੱਕ ਬੇਟੇ ਦਾ ਵਿਆਹ ਕਰ ਦਿੱਤਾ ਸੀ। ਸ਼ੌਕਤ ਦੇ ਪਰਿਵਾਰ ਵਿੱਚ ਕੁੱਲ 62 ਮੈਂਬਰ ਹਨ। ਪਾਕਿਸਤਾਨ ਦੇ ਇੱਕ ਚੈਨਲ ਨੇ ਸ਼ੌਕਤ ਦੀ ਇੰਟਰਵਿਊ ਲਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਬਾਰੇ ਖੁੱਲ੍ਹ ਕੇ ਦੱਸਿਆ।

ਸ਼ੌਕਤ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਕਿਹਾ ਸੀ। ਉਨ੍ਹਾਂ ਦੀਆਂ ਧੀਆਂ ਨੂੰ ਚਿੰਤਾ ਸੀ ਕਿ ਉਨ੍ਹਾਂ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਿਤਾ ਇਕੱਲੇ ਪੈ ਜਾਣਗੇ। ਸ਼ੌਕਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਧੀਆਂ ਨੇ ਹੀ ਉਨ੍ਹਾਂ ਨੂੰ ਪੰਜਵੀਂ ਪਤਨੀ ਨਾਲ ਮਿਲਵਾਇਆ ਸੀ।

ਸ਼ੌਕਤ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਹਿਲੀਆਂ ਚਾਰ ਪਤਨੀਆਂ ਜ਼ਿੰਦਾ ਨਹੀਂ ਹਨ। ਸ਼ੌਕਤ ਦੀ ਪੰਜਵੀਂ ਪਤਨੀ ਨੇ ਪਰਿਵਾਰ ਬਾਰੇ ਬੋਲਦਿਆਂ ਕਿਹਾ ਕਿ ਸਾਰਾ ਪਰਿਵਾਰ ਬਹੁਤ ਵਧੀਆ ਹੈ। ਸ਼ੌਕਤ ਦਾ ਤਿੰਨ ਮੰਜ਼ਿਲੀ ਘਰ ਹੈ ਜਿੱਥੇ ਪਰਿਵਾਰ ਦੇ 62 ਮੈਂਬਰ ਖੁਸ਼ੀ ਖੁਸ਼ੀ ਰਹਿ ਰਹੇ ਹਨ।