India

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਧਮਕੀ, ਸਵਾਤੀ ਮਾਲੀਵਾਲ ਨੇ ਕਿਹਾ,ਹਿੰਮਤ ਹੈ ਤਾਂ ਅੱਗੇ ਆ ਕੇ ਗੋਲੀ ਮਾਰੋ

Threat to the chairperson of Delhi Commission for Women, Swati Maliwal said, if you have courage, come forward and shoot.

ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਸਾਧ ਰਾਮ ਰਹੀਮ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਪੈਰੋਕਾਰ ਉਸ ਨੂੰ ਧਮਕੀਆਂ ਦੇ ਰਹੇ ਹਨ। ਉਸ ਨੇ ਸੋਸ਼ਲ ਮੀਡੀਆ ‘ਤੇ ਕੁਝ ਇਤਰਾਜ਼ਯੋਗ ਸੰਦੇਸ਼ ਵੀ ਸਾਂਝੇ ਕੀਤੇ ਹਨ। ਜਿਸ ਵਿੱਚ ਮਾਲੀਵਾਲ ਲਈ ਅਪਸ਼ਬਦ ਵੀ ਵਰਤੇ ਗਏ ਹਨ।

ਬਦਲੇ ‘ਚ ਸਵਾਤੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰਨ। ਸਵਾਤੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੈਰੋਲ ਨਿਯਮਾਂ ‘ਚ ਬਦਲਾਅ ਦੀ ਮੰਗ ਕੀਤੀ ਹੈ।

ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ਕਿ ਜਦੋਂ ਤੋਂ ਰਾਮ ਰਹੀਮ ਦੇ ਖਿਲਾਫ ਆਵਾਜ਼ ਉਠਾਈ ਹੈ, ਉਸ ਦੇ ਚੇਲੇ ਕਹਿ ਰਹੇ ਹਨ ਕਿ ਬਾਬਾ ਤੋਂ ਦੂਰ ਰਹੋ। ਉਨ੍ਹਾਂ ਮੇ ਕਿਹਾ ਕਿ ਮੈਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹਾਂ, ਮੈਂ ਸੱਚ ਦੀ ਆਵਾਜ਼ ਬੁਲੰਦ ਕਰਦੀ ਰਹਾਂਗੀ, ਜੇ ਹਿੰਮਤ ਹੈ ਤਾਂ ਮੇਰੇ ਸਾਹਮਣੇ ਤੋਂ ਆ ਕੇ ਗੋਲੀ ਮਾਰੋ। ਹਾਲਾਂਕਿ ਇਸ ਬਾਰੇ ਅਜੇ ਤੱਕ ਰਾਮ ਰਹੀਮ ਜਾਂ ਡੇਰਾ ਪ੍ਰਬੰਧਕਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਰੋਲ ਅਤੇ ਮਾਫੀ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਪੱਤਰ ਵਿੱਚ ਸਵਾਤੀ ਨੇ ਲਿਖਿਆ ਹੈ ਕਿ ਬਿਲਕਿਸ ਬਾਨੋ ਦੀ ਬਲਾਤਕਾਰੀ ਦੀ ਰਿਹਾਈ ਅਤੇ ਰਾਮ ਰਹੀਮ ਦੀ ਪੈਰੋਲ ਨੇ ਦੇਸ਼ ਦੇ ਹਰ ਨਿਰਭੈਆ ਦੀ ਰੂਹ ਨੂੰ ਤੋੜ ਦਿੱਤਾ ਹੈ । ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੁਆਫੀ ਅਤੇ ਪੈਰੋਲ ਦੇ ਨਿਯਮਾਂ ਨੂੰ ਬਦਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਬਲਾਤਕਾਰੀ ਬਿਲਕਿਸ ਬਾਨੋ ਅਤੇ ਰਾਮ ਰਹੀਮ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ਹੈ।

ਹਾਲੇ ਬੀਤੇ ਦਿਨੀਂ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਘੇਰਿਆ ਸੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ 5 ਸਵਾਲ ਪੁੱਛੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਸੀ ਕਿ ਰਾਮ ਰਹੀਮ ਨੂੰ ਕੀ ਲੋੜ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ।

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਬਲਾਤਕਾਰੀ ਅਤੇ ਕਾਤਲ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ। ਇਸ ਵਾਰ ਰਾਮ ਰਹੀਮ ਪੈਰੋਲ ‘ਤੇ ਰਹਿੰਦਿਆਂ ਥਾਂ-ਥਾਂ ਸਤਿਸੰਗ ਕਰ ਰਿਹਾ ਹੈ ਅਤੇ ਇਸ ਸਤਿਸੰਗ ‘ਚ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਮੇਅਰ ਹਿੱਸਾ ਲੈ ਰਹੇ ਹਨ।

ਮਾਲੀਵਾਲ ਨੇ ਕਿਹਾ ਕਿ ਦੋਸ਼ੀ ਰਾਮ ਰਹੀਮ ਆਪਣਾ ਅਕਸ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਇੱਕ ਬਲਾਤਕਾਰੀ ਅਤੇ ਕਾਤਲ ਹੈ। ਉਹਨਾਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਾਮ ਰਹੀਮ ਦੀ ਪੈਰੋਲ ਵਾਪਸ ਲਈ ਜਾਵੇ।

ਇਸ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਸੀ ਕਿ “ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ? ਉਹ ਪੈਰੋਲ ਵਿਚ ਭਾਸ਼ਣ ਅਤੇ ਗੀਤ ਬਣਾਉਂਦਾ ਹੈ। ਹਰਿਆਣਾ ਸਰਕਾਰ ਦੇ ਕੁਝ ਲੀਡਰ ਤਾੜੀਆਂ ਮਾਰਦੇ ਹਨ, ‘ਭਗਤੀ’ ‘ਚ ਲੀਨ ਹਨ! ਹਰਿਆਣਾ ਸਰਕਾਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਖਤਮ ਕਰੇ!”