International

ਅਮਰੀਕਾ ਜਾਣ ਵਾਲਿਆਂ ਨੂੰ ਹੁਣ ਵੀਜ਼ਾ ਇੰਟਰਵਿਊ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ

ਦਿੱਲੀ : ਹੁਣ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਇੰਤਜ਼ਾਰ ਥੋੜਾ ਲੰਬਾ ਹੋ ਸਕਦਾ ਹੈ ਕਿਉਂਕਿ ਕਾਰੋਬਾਰ ਲਈ B1 ਵੀਜ਼ਾ ਜਾਂ B2 ਟੂਰਿਸਟ ਵੀਜੇ ਲਈ ਉਡੀਕ ਲਾਈਨ ਬਹੁਤ ਲੰਬੀ ਹੋ ਚੁੱਕੀ ਹੈ।

ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਅਨੁਸਾਰ B1/B2 ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ 91 ਦਿਨ (23 ਨਵੰਬਰ ਤੱਕ) ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਦੀ ਕਾਨੂੰਨੀ ਯਾਤਰਾ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਵਚਨਬੱਧ ਹੈ।

ਯੂਐਸ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਦੇ ਅਨੁਸਾਰ, ਮੁੰਬਈ ਨਿਵਾਸੀਆਂ ਲਈ ਯੂਐਸ ਵੀਜ਼ਾ ਲਈ ਉਡੀਕ ਸਮਾਂ 999 ਦਿਨ ਹੈ, ਹੈਦਰਾਬਾਦ ਨਿਵਾਸੀਆਂ ਲਈ ਉਡੀਕ ਸਮਾਂ 994 ਦਿਨ ਹੈ। ਚੇਨਈ ਨਿਵਾਸੀਆਂ ਨੂੰ ਅਮਰੀਕੀ ਵੀਜ਼ਾ ਇੰਟਰਵਿਊ ਲਈ 948 ਦਿਨ ਉਡੀਕ ਕਰਨੀ ਪਵੇਗੀ, ਜਦਕਿ ਕੇਰਲ ਨਿਵਾਸੀਆਂ ਲਈ ਇਹ 904 ਦਿਨ ਹੈ।

ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਅਨੁਸਾਰ ਅਮਰੀਕੀ ਦੂਤਾਵਾਸ ਵਿੱਚ ਇੰਟਰਵਿਊ ਦੀ ਮੁਲਾਕਾਤ ਲਈ ਉਡੀਕ ਦਾ ਸਮਾਂ ਕੰਮ ਦੇ ਬੋਝ ਜਾਂ ਸਟਾਫ ਦੀ ਉਪਲਬਧਤਾ ‘ਤੇ ਨਿਰਭਰ ਕਰਦਾ ਹੈ। ਇਹ ਸਿਰਫ ਇੱਕ ਅੰਦਾਜ਼ਾ ਹੈ, ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੁਹਾਨੂੰ ਉਸ ਦਿਨ ਮੁਲਾਕਾਤ ਮਿਲੇਗੀ।

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਹ ਮੁੱਦਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਉਠਾਇਆ ਸੀ, ਜਦੋਂ ਸਤੰਬਰ ‘ਚ ਉਹ ਅਮਰੀਕਾ ਦੌਰੇ ‘ਤੇ ਗਏ ਸੀ।ਪਿਛਲੇ ਹਫਤੇ, ਯੂਐਸ ਸਟੇਟ ਡਿਪਾਰਟਮੈਂਟ ਨੇ ਦਾਅਵਾ ਕੀਤਾ ਸੀ ਕਿ ਯੂਐਸ ਵੀਜ਼ਾ ਪ੍ਰਕਿਰਿਆ ਤੇਜ਼ੀ ਨਾਲ ਠੀਕ ਹੋ ਰਹੀ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਇਨ੍ਹਾਂ ਦੇਰੀ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ, ਅਮਰੀਕੀ ਦੂਤਾਵਾਸ ਨੇ ਕਿਹਾ ਕਿ ਵਿਦੇਸ਼ ਵਿਭਾਗ ਅਮਰੀਕਾ ਦੀ  ਯਾਤਰਾ ਦੀ ਸਹੂਲਤ ਲਈ ਵਚਨਬੱਧ ਹੈ। ਇਹ ਪ੍ਰਵਾਸੀ ਅਤੇ ਗੈਰ ਪ੍ਰਵਾਸੀ ਯਾਤਰੀਆਂ ਲਈ ਹੈ। ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਮਰੀਕੀ ਸਰਕਾਰ ਉਡੀਕ ਸਮੇਂ ਨੂੰ ਘਟਾਉਣ ਲਈ ਕਦਮ ਚੁੱਕ ਰਹੀ ਹੈ।

ਮਹਾਂਮਾਰੀ ਕਾਰਨ ਹੋਏ ਕੌਂਸਲਰ ਸਟਾਫਿੰਗ ਗੈਪ ਨੂੰ ਬੰਦ ਕਰਨ ਅਤੇ ਨਵੇਂ ਕੌਂਸਲਰ ਸਟਾਫ ਦੀ ਭਰਤੀ ਕਰ ਕੇ ਸਿਖਲਾਈ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ । ਵਿਦੇਸ਼ ਵਿਭਾਗ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਸਾਲ ਅਮਰੀਕੀ ਅਧਿਕਾਰੀਆਂ ਦੀ ਆਪਣੀ ਕੌਂਸਲਰ ਭਰਤੀ ਨੂੰ ਦੁੱਗਣਾ ਕਰ ਦਿੱਤਾ ਹੈ ਅਤੇ ਨਵੇਂ ਸਿਖਲਾਈ ਪ੍ਰਾਪਤ ਕਰਮਚਾਰੀ ਭਾਰਤ ਸਮੇਤ ਵਿਦੇਸ਼ਾਂ ਨਾਲ ਸਬੰਧਤ ਕੰਮਕਾਜ ਨੂੰ ਸੰਭਾਲ ਰਹੇ ਹਨ।

ਇਸ ਵਿਚ ਅੱਗੇ ਕਿਹਾ ਗਿਆ ਸੀ ਕਿ ਕੋਵਿਡ 19 ਮਹਾਂਮਾਰੀ ਵਿਚ ਲਗਭਗ ਰੁਕਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ ਦੁਬਾਰਾ ਸ਼ੁਰੂ ਹੋ ਰਹੀ ਹੈ। ਅਮਰੀਕੀ ਸਰਕਾਰ ਆਪਣੇ ਰਾਸ਼ਟਰੀ ਹਿੱਤਾਂ ਅਤੇ ਵਾਪਸ ਪਰਤੇ ਲੋਕਾਂ ਦੀਆਂ ਅਰਜ਼ੀਆਂ ਨੂੰ ਪਹਿਲ ਦੇ ਰਹੀ ਹੈ। ਇਹ ਪਹਿਲੀ ਵਾਰ ਅਰਜ਼ੀ ਦੇ ਰਹੇ ਲੋਕਾਂ ਨੂੰ ਵੀਜ਼ਾ ਸਬੰਧੀ ਇੰਟਰਵਿਊ ਦੇਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।