International

ਅਮਰੀਕਾ ਦੇ ਇਸ ਸੂਬੇ ਵਿੱਚ ਪੈ ਰਹੀ ਹੈ ਤੂਫਾਨ ਦੀ ਮਾਰ,ਕਈ ਥਾਵਾਂ ਤੇ ਹਾਲ ਹੋਏ ਮੰਦੇ,ਬਿਜਲੀ ਗੁਲ

ਕੈਲੀਫੋਰਨੀਆ : ਵਿਸ਼ਵ ਦੀ ਮਹਾਸ਼ਕਤੀ ਅਮਰੀਕਾ ਇਸ ਵੇਲੇ ਮੌਸਮ ਦੀ ਮਾਰ ਝੱਲ ਰਿਹਾ ਹੈ। ਸੂਬੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਆਏ ਤੂਫਾਨ ਨੇ ਹਾਲਾਤਾਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਕਈ ਘਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਮੌਸਮ ਵਿਭਾਗ ਵੱਲੋਂ ਬੁੱਧਵਾਰ ਤੱਕ ਰਾਜ ਭਰ ਵਿੱਚ ਹੋਰ ਬਾਰਿਸ਼ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਹਾਲਾਂਕਿ ਇਸ ਦਾ ਜਿਆਦਾ ਪ੍ਰਭਾਵ ਨਹੀਂ ਪਵੇਗਾ ਪਰ ਅਗਲੇ ਕੁਝ ਦਿਨਾਂ ਵਿੱਚ ਲਗਾਤਾਰ ਬਰਫ਼ਬਾਰੀ ਕਾਰਨ ਨਵੇਂ ਖਤਰਨਾਕ ਹਾਲਾਤ ਬਣ ਸਕਦੇ ਹਨ ਅਤੇ ਹੋਰ ਵੀ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਸਕਦੀ ਹੈ।

ਹੁਣ ਤੱਕ ਇਸ ਤੂਫਾਨ ‘ਚ ਘੱਟੋ-ਘੱਟ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਹੁਣ ਤੱਕ ਇਹਨਾਂ ਮੌਸਮੀ ਹਾਲਾਤਾਂ ਦਾ ਸ਼ਿਕਾਰ ਸਭ ਤੋਂ ਵੱਧ ਕੈਲੀਫੋਰਨੀਆ ਸੂਬਾ ਹੋਇਆ ਹੈ। ਇਥੇ ਬਿਜਲੀ ਬੰਦ ਹੋ ਗਈ ਅਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ।ਜਿਸ ਕਾਰਨ ਸੜਕ ਅਤੇ ਸਮੁੰਦਰੀ ਕਿਨਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।ਸੋਮਵਾਰ ਤੱਕ, ਇਕੱਲੇ ਕੈਲੀਫੋਰਨੀਆ ਵਿੱਚ ਲਗਭਗ 46,000 ਘਰਾਂ ਵਿੱਚ ਬਿਜਲੀ ਬੰਦ ਹੋ ਗਈ ਸੀ ਅਤੇ ਟੈਕਸਾਸ ਅਤੇ ਓਕਲਾਹੋਮਾ ਵਿੱਚ ਵੀ ਲਗਭਗ 28,000 ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਸਨ।

ਬੀਤੇ ਪੰਜ ਦਿਨਾਂ ਵਿੱਚ ਸੈਨ ਬਰਨਾਰਡੀਨੋ ਪਹਾੜਾਂ ਵਿੱਚ ਪਈ ਪੰਜ ਫੁੱਟ ਦੇ ਬਰਫ਼ ਨੇ ਲੇਕ ਐਰੋਹੈੱਡ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਢੱਕ ਦਿੱਤਾ ਹੈ। ਇਥੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਕ ਆਪਣੇ ਘਰਾਂ ਵਿੱਚੋਂ ਵੀ ਨਿਕਲਣ ਤੋਂ ਅਸਮਰਥ ਹਨ ਤੇ ਜਿਹੜੇ ਲੋਕ ਹਾਈਵੇਅ ‘ਤੇ ਫਸੇ ਹੋਏ ਹਨ ,ਉਹ ਆਪਣੀਆਂ ਕਾਰਾਂ-ਗੱਡੀਆਂ ਉਥੇ ਹੀ ਛੱਡ ਕੇ ਜਾ ਰਹੇ ਹਨ ਕਿਉਂਕਿ ਹਾਈਵੇਅ ਤੋਂ ਲੰਘਣਾ ਲਗਭਗ ਅਸੰਭਵ ਹੋ ਗਿਆ ਹੈ।