Punjab

ਪੰਜਾਬ ਸਰਕਾਰ ਦੇ ਖ਼ਿਲਾਫ਼ ਇਸ ਬੀਬੀ ਨੇ ਲਾਇਆ ਵੱਡਾ ਦੋਸ਼, ਵਿਰੋੋਧੀ ਧਿਰਾਂ ਨੇ ਚੁੱਕੇ ਸਵਾਲ…

ਚੰਡੀਗੜ੍ਹ : : ਨੌਕਰੀ ਦੀ ਮੰਗ ਨੂੰ ਲੈ ਕੇ ਪਿੰਡ ਗੰਭੀਰਪੁਰ ਵਿਖੇ ਮੋਰਚਾ ਲਾਈ ਬੈਠੇ 1158 ਫਰੰਟ ਦੇ ਸਾਡੇ ਇੱਕ ਸਾਥੀ ਵੱਲੋਂ ਨੌਕਰੀ ਨਾ ਮਿਲਣ ਤੋਂ ਤੰਗ ਆ ਕੇ ਖੁਦਖੁਸ਼ੀ ਕਰ ਲਈ ਗਈ। ਜਾਣਕਾਰੀ ਮੁਤਾਬਕ ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਇੱਕ ਸਾਥੀ ਬਲਵਿੰਦਰ ਕੌਰ ਜੀ (ਰਾਜਨੀਤੀ ਵਿਗਿਆਨ) ਨੇ ਨੌਕਰੀ ਨਾ ਮਿਲਣ ਤੋਂ ਤੰਗ ਹੋ ਕੇ Depression ਦਾ ਸ਼ਿਕਾਰ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਕਨਵੀਨਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਸਾਥੀ ਨੇ ਨੌਕਰੀ ਨਾ ਮਿਲਣ ਤੋਂ ਤੰਗ ਹੋ ਕੇ Depression ਦਾ ਸ਼ਿਕਾਰ ਹੋ ਕੇ ਖੁਦਖੁਸ਼ੀ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦਾ ਸੁਸਾਇਡ ਨੋਟ ਉਨ੍ਹਾਂ ਦੇ ਕੋਲ ਹੈ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਨੌਕਰੀ ਨਾ ਮਿਲਣ ਦੇ ਕਰਕੇ ਪਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ।

ਆਗੂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸਾਡੇ ਸਾਥੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਇਸ ਮੁੱਦੇ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਕੱਲੀ ਬਲਜਿੰਦਰ ਕੌਰ ਹੀ ਨਹੀਂ ਸੀ ਜੋ Depression ਦੀ ਸ਼ਿਕਾਰ ਸੀ, ਬਹੁਤ ਸਾਰੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਆਗੂ ਨੌਕਰੀ ਨਾ ਮਿਲਣ ਕਾਰਨ Depression ਦਾ ਸ਼ਿਕਾਰ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਅੱਗੇ ਵੀ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਜਾਵੇ।

ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਕਾਲਜ ਅਸਿਸਟੈਂਟ ਪ੍ਰੋਫੈਸਰਾਂ ਦੀ ਘਾਟ ਨਾਲ ਜੂਝ ਰਹੇ ਹਨ ਪਰ ਆਪ ਸਰਕਾਰ ਨਵੀਂ ਭਰਤੀ ਕਰਨੀ ਤਾਂ ਦੂਰ ਪਿਛਲੀ ਸਰਕਾਰ ਵੱਲੋਂ ਭਰਤੀ ਕੀਤੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਜੁਆਇਨਿੰਗ ਵੀ ਨਹੀਂ ਕਰਵਾ ਰਹੀ।

ਬਾਦਲ ਨੇ ਕਿਹਾ ਕਿ ਇਨਸਾਫ਼ ਲਈ ਕਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਧਰਨੇ ‘ਤੇ ਬੈਠੇ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਨੂੰ ਮੰਤਰੀ ਵੱਲੋਂ ਅਣਗੌਲਿਆ ਕਰਨਾ ਬੇਹੱਦ ਸ਼ਰਮਨਾਕ ਹੈ। ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤੇ ਜਾ ਰਹੇ ਇਨ੍ਹਾਂ ਬੇਰੁਜ਼ਗਾਰਾਂ ਦਾ ਸਰਕਾਰ ਵੱਲੋਂ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਸੇ ਬੇਰੁਖੀ ਤੋਂ ਅੱਕੇ ਧਰਨਾਕਾਰੀਆਂ ਵਿਚੋਂ ਇੱਕ ਮਹਿਲਾ ਸਹਾਇਕ ਪ੍ਰੋਫੈਸਰ ਵੱਲੋਂ ਖੁਦਕਸ਼ੀ ਕਰ ਲੈਣਾ ਇਸ ਸਰਕਾਰ ਦੇ ਝੂਠੇ ਸਿੱਖਿਆ ਕ੍ਰਾਂਤੀ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਝੂਠੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨੂੰ ਜ਼ਿੰਦਗੀ ਦੀ ਥਾਂ ਮੌਤ ਦਾ ਰਾਹ ਚੁਣਨ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਸੰਬੰਧੀ ਖੁਦਕਸ਼ੀ ਲਈ ਜ਼ਿੰਮੇਵਾਰ ਮੰਤਰੀ ਹਰਜੋਤ ਬੈਂਸ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਵਾਹਿਗੁਰੂ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ| ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਜਥੇਬੰਦੀ ਨਾਲ ਗੱਲ ਕਰਕੇ ਇਹਨਾਂ ਦੇ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ ਤੇ ਇਸ ਬੇਟੀ ਨੂੰ ਇਨਸਾਫ ਜ਼ਰੂਰ ਦੁਆਵੇਗਾ ।

ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਇੱਕ ਹੋਰ ਪ੍ਰੋਫੈਸਰ ਬਲਵਿੰਦਰ ਕੌਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ‘ਤੇ ਦੋਸ਼ ਲਾਉਂਦਿਆਂ ਖੁਦਕੁਸ਼ੀ ਕਰ ਲਈ ਹੈ। ਭਗਵੰਤ ਮਾਨ ਸਰਕਾਰ ਨੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਪਿਛਲੀ ਸਰਕਾਰ ਦੌਰਾਨ ਚੋਣ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਟੇਸ਼ਨ ਅਲਾਟ ਨਾ ਕਰਨ ਲਈ ਕਿਹਾ। ਇਨ੍ਹਾਂ ਪ੍ਰੋਫੈਸਰਾਂ ਨੂੰ ਸਟੇਸ਼ਨ ਅਲਾਟ ਕਰਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਉਮੈ ਸਭ ਤੋਂ ਵੱਡੀ ਰੁਕਾਵਟ ਬਣ ਗਈ ਹੈ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੁੱਦੇ ‘ਤੇ ਅਜਿਹੀ ਗੰਦੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਫੈਸਰ ਵਜੋਂ ਸ਼ਾਮਲ ਹੋਣ ਲਈ ਆਪਣੀਆਂ ਪੁਰਾਣੀਆਂ ਨੌਕਰੀਆਂ ਛੱਡ ਚੁੱਕੇ ਹਨ। ਜਿਸ ਤਰ੍ਹਾਂ ਬਲਵਿੰਦਰ ਕੌਰ ਨੇ ਹਰਜੋਤ ਬੈਂਸ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਹੈ, ਬੈਂਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।